- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਰੇਲੂ ਕਲੇਸ਼ ਨੂੰ ਲੈਕੇ ਨੌਜਵਾਨ ਨੇ ਨਿਗਲੀ ਜ਼ਹਿਰ, ਮੌਤ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ
ਥਾਣਾ ਛਾਜਲੀ ਅਧੀਨ ਆਉਂਦੇ ਪਿੰਡ ਖਡਿਆਲ ਵਿਖੇ ਘਰੇਲੂ ਕਲੇਸ਼ ਦੇ ਚੱਲਦਿਆਂ ਇਕ ਨੌਜਵਾਨ ਨੇ ਕੋਈ ਜਹਿਰੀਲੀ ਵਸਤੂ ਨਿਗਲਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸੁਨਾਮ ਵਿਖੇ ਮ੍ਰਿਤਕ ਨੌਜਵਾਨ ਦੀ ਮਾਤਾ ਬਲਜੀਤ ਕੌਰ, ਭੈਣ ਬਲਜਿੰਦਰ ਕੌਰ ਅਤੇ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਗੁਰਮੇਲ ਸਿੰਘ ਦਾ ਕਰੀਬ ਸਤਾਰਾਂ ਸਾਲ ਪਹਿਲਾਂ ਕੁਲਦੀਪ ਕੌਰ ਨਾਲ ਵਿਆਹ ਹੋਇਆ ਸੀ। ਜਿਸ ਦੇ ਇਕ ਪੰਦਰਾਂ ਸੋਲਾਂ ਵਰ੍ਹਿਆਂ ਦਾ ਲੜਕਾ ਵੀ ਹੈ।ਉਨ੍ਹਾਂ ਕਿਹਾ ਕਿ ਦੋ ਕੁ ਮਹੀਨਿਆਂ ਤੋਂ ਕੁਲਦੀਪ ਕੌਰ ਆਪਣੇ ਇੱਕ ਨੇੜਲੇ ਰਿਸ਼ਤੇਦਾਰ ਸਮੇਤ ਦੋ ਵਿਅਕਤੀਆਂ ਨਾਲ ਮਿਲਕੇ ਗੁਰਮੇਲ ਸਿੰਘ ਤੇ ਆਪਣੇ ਪਿਤਾ ਤੋਂ ਜਮੀਨ ਆਪਣੇ ਨਾਂਅ ਲਗਵਾਉਣ ਦਾ ਦਬਾਅ ਪਾ ਰਹੀ ਸੀ ਪਰੰਤੂ ਗੁਰਮੇਲ ਸਿੰਘ ਉਸ ਦੀ ਇਹ ਗੱਲ ਮੰਨਣ ਤੋਂ ਇਨਕਾਰ ਕਰ ਰਿਹਾ ਸੀ।ਉਨ੍ਹਾਂ ਕਿਹਾ ਕਿ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਕਲੇਸ਼ ਚੱਲ ਰਿਹਾ ਸੀ , ਉਨ੍ਹਾਂ ਦੇ ਦੱਸਣ ਮੁਤਾਬਿਕ ਬੀਤੀ 3 ਸਤੰਬਰ ਨੂੰ ਉਕਤ ਵਿਅਕਤੀਆਂ ਵੱਲੋਂ ਗੁਰਮੇਲ ਸਿੰਘ ਨੂੰ ਕਥਿਤ ਤੌਰ ਤੇ ਡਰਾਇਆ ਧਮਕਾਇਆ ਵੀ ਗਿਆ।ਜਿਸ ਨੂੰ ਲੈਕੇ ਗੁਰਮੇਲ ਸਿੰਘ ਨੇ 3 ਸਤੰਬਰ ਨੂੰ ਆਪਣੇ ਘਰ ਵਿਚ ਹੀ ਕੋਈ ਜ਼ਹਿਰੀਲੀ ਚੀਜ ਖਾ ਲਈ। ਪਤਾ ਲੱਗਣ ਤੇ ਪਰਿਵਾਰ ਵਲੋਂ ਉਸ ਨੂੰ ਇਲਾਜ ਲਈ ਸਥਾਨਕ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਅੱਜ ਸਵੇਰੇ ਇਲਾਜ ਦੌਰਾਨ ਗੁਰਮੇਲ ਸਿੰਘ (35) ਪੁੱਤਰ ਦਲਵਾਰਾ ਸਿੰਘ ਪਿੰਡ ਖਡਿਆਲ ਦੀ ਮੌਤ ਹੋ ਗਈ। ਪੁਲਿਸ ਥਾਣਾ ਛਾਜਲੀ ਦੇ ਐੱਸਐੱਚਓ ਇੰਸਪੈਕਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਕੁਲਦੀਪ ਕੌਰ, ਸੁਖਵਿੰਦਰ ਸਿੰਘ ਦੋਵੇਂ ਵਾਸੀ ਪਿੰਡ ਖਡਿਆਲ ਅਤੇ ਗੁਰਸੇਵਕ ਸਿੰਘ ਵਾਸੀ ਕੁਲਰੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਖਬਰ ਲਿਖੇ ਜਾਣ ਤੱਕ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਤੁਰੰਤ ਮੰਗ ਨੂੰ ਲੈਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਸਥਾਨਕ ਸਿਵਲ ਹਸਪਤਾਲ ਵਿਚ ਇਕੱਠੇ ਹੋਕੇ ਮ੍ਰਿਤਕ ਦਾ ਪੋਸਟਮਾਰਟਮ ਨਾ ਕਰਵਾਉਣ ਲਈ ਅੜੇ ਹੋਏ ਸਨ ਅਤੇ ਪੁਲਿਸ ਅਧਿਕਾਰੀ ਪਰਿਵਾਰਕ ਮੈਂਬਰਾਂ ਨੂੰ ਪੋਸਟਮਾਰਟਮ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ।