ਦੋ ਹਜ਼ਾਰ ਰੁਪਏ ਤੇ ਮੋਬਾਈਲ ਦੇ ਲਾਲਚ ’ਚ ਨੌਜਵਾਨ ਦਾ ਕਤਲ, ਤਿੰਨ ਗ੍ਰਿਫ਼ਤਾਰ ਦੋ ਹਜਾਰ ਰੁਪਏ ਤੇ ਮੋਬਾਈਲ ਦੇ ਲਾਲਚ ’ਚ ਨੌਜਵਾਨ ਦਾ ਕਤਲ, ਤਿੰਨ ਗ੍ਰਿਫਤਾਰ
Publish Date: Mon, 20 Jul 2026 04:24 PM (IST)
Updated Date: Tue, 21 Jul 2026 04:01 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪਿਛਲੇ ਕਰੀਬ 15 ਦਿਨਾਂ ਤੋਂ ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਦੇ ਲਾਪਤਾ ਨੌਜਵਾਨ ਹਰਮਨਦੀਪ ਸਿੰਘ ਉਰਫ ਹਰਮਨ (19) ਦੀ ਲਾਸ਼ ਸਥਾਨਕ ਵਾਟਰ ਵਰਕਸ ਦੇ ਨਜ਼ਦੀਕ ਝਾੜੀਆਂ ਵਿੱਚੋਂ ਬਰਾਮਦ ਹੋ ਗਈ ਅਤੇ ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ, ਹਰਮਨ ਦਾ ਮਹਿਜ ਦੋ ਹਜਾਰ ਰੁਪਏ ਅਤੇ ਮੋਬਾਈਲ ਫੋਨ ਦੇ ਲਾਲਚ ਵਿੱਚ ਉਸਦਾ ਕਤਲ ਕੀਤਾ ਗਿਆ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਹਰਮਨਦੀਪ ਸਿੰਘ ਦੇ ਪਿਤਾ ਬਲਕਾਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕੀਤੀ ਸੀ ਕਿ ਉਸਦਾ ਲੜਕਾ ਹਰਮਨਪ੍ਰੀਤ ਸਿੰਘ 5 ਜੁਲਾਈ ਨੂੰ ਘਰੋਂ ਸਰਕਾਰੀ ਹਸਪਤਾਲ ਦਵਾਈ ਲੈਣ ਗਿਆ ਸੀ। ਪਰ ਘਰ ਨਹੀਂ ਪਰਤਿਆ ਤੇ ਉਸਦਾ ਫੋਨ ਵੀ ਬੰਦ ਆ ਰਿਹਾ ਹੈ। ਪਰਿਵਾਰ ਵੱਲੋਂ ਵੱਖ-ਵੱਖ ਥਾਵਾਂ ਤੇ ਉਸਦੀ ਭਾਲ ਕੀਤੀ ਗਈ, ਪਰ ਉਹ ਨਹੀਂ ਮਿਲਿਆ। ਬਲਕਾਰ ਸਿੰਘ ਨੇ ਕਿਹਾ ਕਿ ਉਸਦੇ ਲੜਕੇ ਨੂੰ ਨਾਮਲੂਮ ਵਿਅਕਤੀਆਂ ਨੇ ਕਿਸੇ ਜੁਰਮ ਕਰਨ ਦੀ ਨੀਅਤ ਨਾਲ ਗੁਪਤ ਤੌਰ ਤੇ ਲੁਕਾ ਕੇ ਜਾਂ ਅਗਵਾ ਕਰਕੇ ਰੱਖਿਆ ਹੋਇਆ ਹੈ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਐਸਪੀ ਪਲਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਟੈਕਨੀਕਲ ਤਰੀਕੇ ਨਾਲ ਮਾਮਲੇ ਦੀ ਜਾਂਚ ਕੀਤੀ ਤੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਲਾਪਤਾ ਨੌਜਵਾਨ ਦੀ ਗਲੀ ਸੜੀ ਲਾਸ਼ ਬਰਾਮਦ ਕੀਤੀ ਗਈ। ਥਾਣਾ ਸਦਰ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ 2000 ਰੁਪਏ ਅਤੇ ਮੋਬਾਇਲ ਦੇ ਲਾਲਚ ਵਿੱਚ ਮੁਲਜ਼ਮਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਵੱਲੋ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਜੁਰਮ ਦੀਆਂ ਧਰਾਵਾਂ ਵਿੱਚ ਵਾਧਾ ਕੀਤਾ ਗਿਆ ਹੈ।