- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘੱਗਾ ਵਿਖੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਕੀਤਾ ਜਾਗਰੂਕ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਬੌਧਿਕ ਵਿਕਾਸ ਲਈ ਜਿਸ ਤਰਾਂ ਪੜ੍ਹਾਈ ਜ਼ਰੂਰੀ ਹੈ ਉਸੇ ਤਰ੍ਹਾਂ ਸਰੀਰਕ ਤੰਦਰੁਸਤੀ ਲਈ ਖੇਡਾਂ ਸਾਡੀ ਜ਼ਿੰਦਗੀ ਵਿਚ ਬਹੁਤ ਅਹਿਮ ਰੋਲ ਅਦਾ ਕਰਦੀਆਂ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸ਼ੁਤਰਾਣਾ ਦੇ ਸਰਗਰਮ ਨੌਜਵਾਨ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਸਬਾ ਘੱਗਾ ਵਿਖੇ ਸ਼ਾਮ ਸਮੇਂ ਵਾਲੀਬਾਲ ਗਰਾਊਂਡ ਵਿਚ ਹਾਜ਼ਰ ਕਈ ਪਿੰਡਾਂ ਦੇ ਇਕੱਠੇ ਹੋਏ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕ ਕਰਦਿਆਂ ਕੀਤਾ। ਡਾ. ਮੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਤੰਦਰੁਸਤ ਪੰਜਾਬ ਬਣਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੀ। ਆਪ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕਿਹਾ ਸੀ ਕਿ ਅਸੀਂ ਹਰ ਸਾਲ ਸਰਕਾਰੀ ਸਕੂਲਾਂ ’ਚੋਂ 500 ਹੋਣਹਾਰ ਖਿਡਾਰੀਆਂ ਦੀ ਚੋਣ ਕਰਿਆ ਕਰਾਂਗੇ ਜਿੰਨਾਂ ਨੂੰ ਸਰਕਾਰ ਵਲੋਂ ਅਪਣਾ ਕੇ ਵਿਸ਼ਵ ਪੱਧਰੀ ਟਰੇਨਿੰਗ ਦਿਵਾਈ ਜਾਵੇਗੀ ਤਾਂ ਜੋ ਖੇਡਾਂ ਵਿਚ ਸਾਡੇ ਹੋਣਹਾਰ ਖਿਡਾਰੀ ਆਪਣਾ ਭਵਿੱਖ ਬਣਾ ਸਕਣ, ਪਰ ਸਾਢੇ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਬਾਅਦ ਵੀ ਸਰਕਾਰ ਇਹ ਨਹੀਂ ਦੱਸ ਸਕੀ ਕਿ ਅਸੀਂ ਆਪਣੇ ਕਾਰਜਕਾਲ ਵਿਚ ਕਿੰਨੇ ਸਰਕਾਰੀ ਸਕੂਲਾਂ ਦੇ ਹੋਣਹਾਰ ਖਿਡਾਰੀਆਂ ਨੂੰ ਅਡਾਪਟ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਧਸਦੇ ਚਲੇ ਜਾ ਰਹੇ ਹਨ। ਉਨ੍ਹਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਨੌਜਵਾਨ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਸਮਾਂ ਜ਼ਰੂਰ ਦੇਣ। ਇਸ ਮੌਕੇ ਉਨਾਂ ਖਿਡਾਰੀਆਂ ਨੂੰ ਵਾਲੀਵਾਲ ਭੇਟ ਕੀਤੀ, ਜਿਸ ’ਤੇ ਹਾਜ਼ਰ ਖਿਡਾਰੀਆਂ ਨੇ ਡਾ. ਮੱਟੂ ਦਾ ਧੰਨਵਾਦ ਕੀਤਾ।