ਛਾਜਲੀ ਨੇੜੇ ਵਿਆਹ ਦੇਖ ਕੇ ਘਰ ਆ ਰਹੇ ਨੌਜਵਾਨ ਦੀ ਮੌਤ, ਇਕ ਜ਼ਖ਼ਮੀ
ਛਾਜਲੀ ਨੇੜੇ ਵਾਪਰੇ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ, ਇਕ ਜ਼ਖ਼ਮੀ
Publish Date: Fri, 20 Feb 2026 04:28 PM (IST)
Updated Date: Sat, 21 Feb 2026 04:03 AM (IST)
ਦਰਸ਼ਨ ਸਿੰਘ ਚੌਹਾਨ , ਪੰਜਾਬੀ ਜਾਗਰਣ, ਸੁਨਾਮ : ਪਿੰਡ ਛਾਜਲੀ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਅੰਮ੍ਰਿਤਪਾਲ ਸਿੰਘ (32) ਸੁਨਾਮ ਨੇੜਲੇ ਪਿੰਡ ਖਡਿਆਲ ਕੋਠਿਆਂ ਦਾ ਵਸਨੀਕ ਸੀ। ਇਕੱਤਰ ਜਾਣਕਾਰੀ ਅਨੁਸਾਰ ਲੰਘੀ ਰਾਤ ਪਿੰਡ ਕੋਠੇ ਖਡਿਆਲ ਦਾ ਅੰਮ੍ਰਿਤਪਾਲ ਸਿੰਘ ਆਪਣੇ ਪਿੰਡ ਦੇ ਹੀ ਦੋਸਤ ਹਰਦੀਪ ਸਿੰਘ ਪੱਪਨੀ ਨਾਲ ਲਦਾਲ ਪਿੰਡ ਤੋਂ ਇਕ ਰਿਸ਼ਤੇਦਾਰੀ ’ਚੋਂ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਉਪਰੰਤ ਘਰ ਪਰਤ ਰਿਹਾ ਸੀ। ਇਸੇ ਦੌਰਾਨ ਸੁਨਾਮ-ਲਹਿਰਾਗਾਗਾ ਸੜਕ ’ਤੇ ਪਿੰਡ ਛਾਜਲਾ ਦੇ ਪੈਟਰੋਲ ਪੰਪ ਨੇੜੇ ਅੱਗਿਉਂ ਆ ਰਹੀ ਕਾਰ ਇਕ ਨਿੱਜੀ ਸਕੂਲ ਦੀ ਵੈਨ ਨੂੰ ਓਵਰਟੇਕ ਕਰਦਿਆਂ ਅੰਮ੍ਰਿਤਪਾਲ ਸਿੰਘ ਦੀ ਕਾਰ ’ਚ ਜਾ ਵੱਜੀ। ਇਸ ਤੋਂ ਬਾਅਦ ਸਕੂਲ ਵੈਨ ਵੀ ਅੰਮ੍ਰਿਤਪਾਲ ਸਿੰਘ ਦੀ ਕਾਰ ਨਾਲ ਜਾ ਟਕਰਾਈ। ਇਸ ਕਾਰਨ ਕਾਰ ਚਾਲਕ ਅੰਮ੍ਰਿਤਪਾਲ ਸਿੰਘ (32) ਪੁੱਤਰ ਸੁਖਵਿੰਦਰ ਸਿੰਘ ਵਾਸੀ ਖਡਿਆਲ ਕੋਠੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਕਾਰ ਵਿਚ ਸਵਾਰ ਉਸ ਦਾ ਦੋਸਤ ਗੰਭੀਰ ਜ਼ਖ਼ਮੀ ਹੋ ਗਿਆ। ਸਿਵਲ ਹਸਪਤਾਲ ਸੁਨਾਮ ਵਿਖੇ ਮ੍ਰਿਤਕ ਦੇ ਪੋਸਟਮਾਰਟਮ ਸਮੇਂ ਪੁਲਿਸ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ। ਮਾਮਲਾ ਸਾਹਮਣੇ ਆਉਣ ਮੁਤਾਬਿਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।