- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟਿਆਲਾ-ਡਕਾਲਾ ਮੁੱਖ ਮਾਰਗ ’ਤੇ ਦਿਨ-ਦਿਹਾੜੇ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਕਾਲੀ ਸਕਾਰਪੀਓ ਸਵਾਰ ਬਦਮਾਸ਼ਾਂ ਨੇ ਇੱਕ ਨੌਜਵਾਨ ਨੂੰ ਅਗਵਾ ਕਰਨ ਮਗਰੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਾਤਲਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਲਾਸ਼ ਨੂੰ ਪਟਿਆਲਾ-ਸੰਗਰੂਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਚੰਨੋ ਨੇੜੇ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ; ਪਟਿਆਲਾ-ਡਕਾਲਾ ਮੁੱਖ ਮਾਰਗ ’ਤੇ ਦਿਨ-ਦਿਹਾੜੇ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਕਾਲੀ ਸਕਾਰਪੀਓ ਸਵਾਰ ਬਦਮਾਸ਼ਾਂ ਨੇ ਇੱਕ ਨੌਜਵਾਨ ਨੂੰ ਅਗਵਾ ਕਰਨ ਮਗਰੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਾਤਲਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਲਾਸ਼ ਨੂੰ ਪਟਿਆਲਾ-ਸੰਗਰੂਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਚੰਨੋ ਨੇੜੇ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਮ੍ਰਿਤਕ ਨੌਜਵਾਨ ਦੀ ਪਛਾਣ ਨਵਾਬ ਖਾਨ ਵਜੋਂ ਹੋਈ ਹੈ। ਇਸ ਖ਼ੂਨੀ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਜਾਣਕਾਰੀ ਅਨੁਸਾਰ ਪਟਿਆਲਾ ਤੇ ਡਕਾਲਾ ਵਿਚਕਾਰ ਸਕਾਰਪੀਓ ਸਵਾਰ ਮੁਲਜ਼ਮਾਂ ਨੇ ਪਹਿਲਾਂ ਨਵਾਬ ਖਾਨ ਨੂੰ ਸਿੱਧੀ ਟੱਕਰ ਮਾਰੀ। ਟੱਕਰ ਲੱਗਣ ਕਾਰਨ ਜਦੋਂ ਨੌਜਵਾਨ ਹੇਠਾਂ ਡਿੱਗ ਪਿਆ ਤਾਂ ਗੱਡੀ ਵਿੱਚੋਂ ਉੱਤਰੇ ਹਮਲਾਵਰਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਉਪਰੰਤ ਹਮਲਾਵਰ ਜ਼ਖ਼ਮੀ ਨੌਜਵਾਨ ਨੂੰ ਜ਼ਬਰਦਸਤੀ ਆਪਣੀ ਗੱਡੀ ਵਿੱਚ ਅਗਵਾ ਕਰਕੇ ਤੇਜ਼ ਰਫ਼ਤਾਰ ਨਾਲ ਫ਼ਰਾਰ ਹੋ ਗਏ।
ਇਹ ਸਾਰੀ ਖ਼ੌਫ਼ਨਾਕ ਘਟਨਾ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਘਟਨਾ ਮੌਕੇ ਮੌਜੂਦ ਰਾਹਗੀਰਾਂ ਨੇ ਕਾਲੀ ਸਕਾਰਪੀਓ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਮੋਬਾਈਲ ਫੋਨਾਂ ਰਾਹੀਂ ਗੱਡੀ ਦੀ ਵੀਡੀਓ ਰਿਕਾਰਡ ਕਰ ਲਈ, ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕਾਂ ਦੇ ਪਿੱਛਾ ਕਰਨ ਦੇ ਬਾਵਜੂਦ ਮੁਲਜ਼ਮ ਤੇਜ਼ ਰਫ਼ਤਾਰ ਨਾਲ ਫ਼ਰਾਰ ਹੋਣ ਵਿੱਚ ਕਾਮਯਾਬ ਰਹੇ ਅਤੇ ਬਾਅਦ ਵਿੱਚ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਚੰਨੋ ਨੇੜੇ ਸੁੱਟ ਦਿੱਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ। ਪੁਲਿਸ ਟੀਮਾਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਅਤੇ ਵਾਇਰਲ ਵੀਡੀਓ ਦੇ ਆਧਾਰ ’ਤੇ ਗੱਡੀ ਦੇ ਨੰਬਰ ਅਤੇ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਸਾਰੇ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ।