ਅਮਰੀਕਾ ਤੋਂ ਮੰਦਭਾਗੀ ਖ਼ਬਰ: ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਲਗਾਈ ਗੁਹਾਰ
ਖੁਸ਼ਕਰਨਦੀਪ ਸਿੰਘ ਦੀ ਮਾਤਾ ਨੇ ਦੱਸਿਆ ਕਿ ਲੜਕੇ ਦਾ ਫੋਨ ਆਇਆ ਸੀ ਕਿ ਭੈਣਾਂ ਵੱਲੋਂ ਭੇਜੀ ਗਈ ਰੱਖੜੀ ਮਿਲ ਗਈ ਹੈ ਅਤੇ ਮੈਂ ਭੈਣਾਂ ਨੂੰ ਸ਼ਗਨ ਵੀ ਭੇਜ ਦਿੱਤਾ ਹੈ ਪਰ ਇਸ ਤੋਂ ਬਾਅਦ ਉਸ ਦੀ ਮੌਤ ਦੀ ਮੰਦਭਾਗੀ ਖ਼ਬਰ ਆਈ।
Publish Date: Sat, 08 Aug 2026 08:54 AM (IST)
Updated Date: Sat, 08 Aug 2026 08:59 AM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ। ਪਟਿਆਲਾ ਜ਼ਿਲ੍ਹੇ ਦੀ ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਅਤਾਲਾਂ ਤੋਂ ਪਰਿਵਾਰ ਦੇ ਉੱਜਵਲ ਭਵਿੱਖ ਲਈ ਅਮਰੀਕਾ ਗਏ ਖੁਸ਼ਕਰਨਦੀਪ ਸਿੰਘ (24) ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰ ’ਚ ਮਾਤਮ ਛਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਲਾਸ਼ ਭਾਰਤ ਲਿਆਉਣ ਲਈ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਗਈ ਹੈ।
ਖੁਸ਼ਕਰਨਦੀਪ ਸਿੰਘ ਦੀ ਮਾਤਾ ਨੇ ਦੱਸਿਆ ਕਿ ਲੜਕੇ ਦਾ ਫੋਨ ਆਇਆ ਸੀ ਕਿ ਭੈਣਾਂ ਵੱਲੋਂ ਭੇਜੀ ਗਈ ਰੱਖੜੀ ਮਿਲ ਗਈ ਹੈ ਅਤੇ ਮੈਂ ਭੈਣਾਂ ਨੂੰ ਸ਼ਗਨ ਵੀ ਭੇਜ ਦਿੱਤਾ ਹੈ ਪਰ ਇਸ ਤੋਂ ਬਾਅਦ ਉਸ ਦੀ ਮੌਤ ਦੀ ਮੰਦਭਾਗੀ ਖ਼ਬਰ ਆਈ।
ਖੁਸ਼ਕਰਨਦੀਪ ਸਿੰਘ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਵੇਚ ਕੇ 55 ਲੱਖ ਰੁਪਏ ਖਰਚ ਕਰਕੇ ਆਪਣੇ ਪੁੱਤਰ ਨੂੰ ਯੂ.ਐੱਸ.ਏ. ਭੇਜਿਆ ਸੀ।
ਉਸ ਨੇ ਆਪਣੀ ਮਿਹਨਤ ਨਾਲ ਪੈਸੇ ਕਮਾ ਕੇ ਘਰ ਭੇਜੇ, ਜਿਨ੍ਹਾਂ ਨਾਲ ਉਸ ਦੀਆਂ ਭੈਣਾਂ ਦੇ ਵਿਆਹ ਕੀਤੇ ਗਏ। ਉਹ ਅਕਸਰ ਘਰ ਫੋਨ ਕਰਦਾ ਰਹਿੰਦਾ ਸੀ ਪਰ ਜਦੋਂ ਦੋ ਦਿਨ ਤੱਕ ਉਸ ਦਾ ਫੋਨ ਨਾ ਆਇਆ ਤਾਂ ਅਸੀਂ ਉਸ ਨੂੰ ਫੋਨ ਕੀਤਾ, ਜੋ ਬੰਦ ਆ ਰਿਹਾ ਸੀ।
ਬਾਅਦ ’ਚ ਜਿਸ ਕੰਪਨੀ ’ਚ ਉਹ ਕੰਮ ਕਰਦਾ ਸੀ, ਉੱਥੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਖੁਸ਼ਕਰਨਦੀਪ ਸਿੰਘ ਦੋ ਦਿਨਾਂ ਤੋਂ ਕੰਮ 'ਤੇ ਨਹੀਂ ਆਇਆ। ਇਸ ਤੋਂ ਬਾਅਦ ਵਿਦੇਸ਼ ’ਚ ਰਹਿੰਦੇ ਰਿਸ਼ਤੇਦਾਰਾਂ ਰਾਹੀਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਉਸ ਦੀ ਲਾਸ਼ ਬਰਾਮਦ ਕੀਤੀ, ਜਿਸ 'ਤੇ ਗੋਲੀਆਂ ਲੱਗੀਆਂ ਹੋਈਆਂ ਸਨ।
ਪਿੰਡ ਦੇ ਸਾਬਕਾ ਸਰਪੰਚ ਬਲਵੰਤ ਸਿੰਘ ਨੇ ਕਿਹਾ ਕਿ ਇਸ ਨੌਜਵਾਨ ਦੀ ਲਾਸ਼ ਪਰਿਵਾਰ ਤੱਕ ਪਹੁੰਚਾਉਣ ਲਈ ਭਾਰਤ ਸਰਕਾਰ ਨੂੰ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ।