ਕੈਂਪਰ ’ਚ 193 ਲਾਭਪਾਤਰੀਆਂ ਨੂੰ ਸਰਟੀਫਿਕੇਟ ਵੰਡੇ ਕੈਂਪਰ ’ਚ 193 ਲਾਭਪਾਤਰੀਆਂ ਨੂੰ ਸਰਟੀਫਿਕੇਟ ਵੰਡੇ
Publish Date: Wed, 07 Oct 2026 04:03 PM (IST)
Updated Date: Thu, 08 Oct 2026 04:02 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਹਲਕਾ ਦੇ ਪਿੰਡ ਦੀਵਾਨਗੜ੍ਹ ਕੈਂਪਰ ਅੰਦਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ 193 ਲਾਭਪਾਤਰੀਆਂ ਨੂੰ ਮਾਲਕੀ ਦੇ ਸਰਟੀਫਿਕੇਟ ਵੰਡੇ। ਵਿੱਤ ਮੰਤਰੀ ਚੀਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਸੀ ਕਿ ਲਾਲ ਲਕੀਰ ਦੇ ਅੰਦਰ ਜਿੰਨੇ ਵੀ ਘਰ ਹਨ ਤੇ ਜੋ ਵਿਅਕਤੀ ਜਾਂ ਪਰਿਵਾਰ ਉਨ੍ਹਾਂ ਦੇ ਵਿੱਚ ਰਹਿ ਰਹੇ ਹਨ ਉਨ੍ਹਾਂ ਦਾ ਮਾਲਕੀ ਦਾ ਹੱਕ ਕਾਗਜੀ ਤੌਰ ਤੇ ਉਹਨਾਂ ਨੂੰ ਦਿੱਤਾ ਜਾਵੇ। ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਪੰਜਾਬ ਸਰਕਾਰ ਨੇ ਡਰੋਨ ਸਿਸਟਮ ਰਾਹੀਂ ਪਿੰਡਾਂ ਅੰਦਰ ਲਾਲ ਲਕੀਰ ਦੇ ਵਿੱਚ ਰਹਿੰਦੇ ਪਰਿਵਾਰਾਂ ਦੇ ਘਰਾਂ ਦੀ ਨਿਸ਼ਾਨ ਦੇਹੀ ਕੀਤੀ ਗਈ ਉਸੇ ਨਿਸ਼ਾਨਦੇਹੀ ਦੇ ਆਧਾਰ ਤੇ ਉਹਨਾਂ ਨੂੰ ਮਾਲਕੀਅਤ ਦੇ ਹੱਕ ਦਿੱਤੇ ਗਏ ਹਨ। ਅੱਜ ਪਿੰਡ ਦੀਵਾਨਗੜ੍ਹ ਕੈਂਪਰ ਵਿੱਚ 193 ਪਰਿਵਾਰਾਂ ਨੂੰ ਉਹਨਾਂ ਦੀ ਮਲਕੀਅਤ ਦੀ ਹੱਕ ਦੇ ਸਰਟੀਫਿਕੇਟ ਵੰਡੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਮਲਕੀਅਤ ਸਰਟੀਫਿਕੇਟ ਵੰਡੇ ਜਾਣ ਤੋਂ ਬਾਅਦ ਮਾਲ ਵਿਭਾਗ ਦੇ ਰਿਕਾਰਡ ਦੇ ਵਿੱਚ ਇੱਕ ਰਜਿਸਟਰ ਨੰਬਰ ਉਹਨਾਂ ਦੇ ਨਾਂ ਹੋ ਗਿਆ ਹੈ। ਉਹ ਲੋੜ ਪੈਣ ਤੇ ਇਸ ਜਗ੍ਹਾ ਉੱਤੇ ਕਿਸੇ ਵੀ ਬੈਂਕ ਜਾਂ ਹੋਰ ਸੰਸਥਾ ਵੱਲੋਂ ਕਰਜ਼ਾ ਵਗੈਰਾ ਵੀ ਲੈ ਸਕਦੇ ਹਨ ਅਤੇ ਨਾਲ ਹੀ ਜੇਕਰ ਲੋੜ ਪਵੇ ਤਾਂ ਉਸ ਘਰ ਨੂੰ ਵੇਚਣ ਸਮੇਂ ਵੀ ਕੋਈ ਮੁਸ਼ਕਿਲ ਜਾਂ ਦਿੱਕਤ ਨਹੀਂ ਆਵੇਗੀ, ਸਗੋਂ ਉਸ ਘਰ ਦੀ ਕੀਮਤ ਰਜਿਸਟਰ ਹੋਣ ਕਰ ਕੇ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈ ਹੈ। ਪਹਿਲਾਂ ਇਸ ਘਰ ਨੂੰ ਵੇਚਣ ਲਈ ਸਿਰਫ ਇੱਕ ਆਮ ਕਾਗਜ਼ ਉੱਤੇ ਹੀ ਆਪਸੀ ਸਮਝੌਤਾ ਕੀਤਾ ਜਾਂਦਾ ਸੀ ਜਿਸ ਦਾ ਕਿ ਉਸਨੂੰ ਕਬਜ਼ਾ ਦੇ ਦਿੱਤਾ ਜਾਂਦਾ ਸੀ ਪਰ ਹੁਣ ਮਾਲ ਵਿਭਾਗ ਅੰਦਰ ਇਸ ਦਾ ਇੱਕ ਰਿਕਾਰਡ ਬਣ ਗਿਆ ਹੈ, ਜਦੋਂ ਵੀ ਇਸ ਨੂੰ ਟਰਾਂਸਫਰ ਕਰਨਾ ਹੈ ਤਾਂ ਤਹਿਸੀਲਦਾਰ ਦੇ ਰਾਹੀਂ ਆਮ ਰਜਿਸਟਰੀ ਦੀ ਤਰ੍ਹਾਂ ਇਸ ਨੂੰ ਰਜਿਸਟਰ ਕਰਵਾਇਆ ਜਾ ਸਕਦਾ ਹੈ। ਇਸ ਮੌਕੇ ਐੱਸਡੀਐਮ ਦਿੜਬਾ ਤਰਸੇਮ ਚੰਦ ਭਾਗਸਰ, ਨਾਇਬ ਤਹਿਸੀਲਦਾਰ ਦਿੜ੍ਹਬਾ ਸਵਰਨ ਸਿੰਘ ਹਾਜ਼ਰ ਸਨ।