- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਵਾ ਕੇਂਦਰ ’ਚ ਹੜਤਾਲ ਕਾਰਨ ਕੰਮਕਾਜ ਰਿਹਾ ਠੱਪ

ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਸੇਵਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੋਮਵਾਰ ਨੂੰ ਮੁਕੰਮਲ ਕੰਮਕਾਜ ਠੱਪ ਰੱਖਿਆ ਗਿਆ, ਜਿਸ ਕਰਕੇ ਸੇਵਾ ਕੇਂਦਰ ’ਚ ਆਪਣੇ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਸੇਵਾ ਕੇਂਦਰਾਂ ’ਚ ਕੰਮ ਕਰਦੇ ਸਕਿਓਰਿਟੀ ਗਾਰਡਾਂ ਤੇ ਆਪਰੇਟਰਾਂ ਦੀਆਂ ਮੰਗਾਂ ਅਤੇ ਇਨ੍ਹਾਂ ਦੇ ਸੋਸ਼ਣ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਆਖਿਆ ਕਿ ਸੁਰੱਖਿਆ ਗਾਰਡਾਂ ਦੀ ਪਿਛਲੇ 2 ਮਹੀਨਿਆਂ ਦੀ ਤਨਖਾਹ ਬਿਨਾਂ ਕਿਸੇ ਵਜ੍ਹਾ ਤੋਂ ਰੋਕੀ ਹੋਈ ਹੈ ਅਤੇ ਉਨ੍ਹਾਂ ਨੂੰ ਕੋਈ ਵੀ ਹਫ਼ਤਾਵਾਰੀ ਛੁੱਟੀ ਨਹੀਂ ਦਿੱਤੀ ਜਾ ਰਹੀ। ਇਸ ਤੋਂ ਇਲਾਵਾ ਆਪਰੇਟਰਾਂ ਦਾ ਪਿਛਲੇ 6 ਮਹੀਨਿਆਂ ਤੋਂ ਸਫਰੀ ਭੱਤਾ ਰੁਕਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਇਸ ਮਹਿੰਗਾਈ ਦੇ ਜ਼ਮਾਨੇ ਵਿਚ ਇਨ੍ਹਾਂ ਮੁਲਾਜ਼ਮਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਜਿੱਥੇ ਮੁਸ਼ਕਿਲ ਹੈ, ਉੱਥੇ ਹੀ ਰੁਕੀ ਹੋਈ ਤਨਖਾਹ/ਬਕਾਏ ਮਿਲਣ ਦੀ ਹਾਲੇ ਤੱਕ ਕੋਈ ਆਸ ਨਹੀਂ ਬੱਝੀ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਸ਼ੁਰੂ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦੇ ਹੋਰ ਜ਼ਰੂਰੀ ਖਰਚਿਆਂ ਨੂੰ ਲੈ ਕੇ ਚਿੰਤਾ ਸਤਾ ਰਹੀ ਹੈ। ਭੜਕੇ ਮੁਲਾਜ਼ਮਾਂ ਨੇ ਡੀਸੀ ਦਫ਼ਤਰ ਸਾਹਮਣੇ ਮੈਨੇਜਮੈਂਟ ਦਾ ਪੁਤਲਾ ਵੀ ਫੂਕਿਆ। ਇਸ ਮੌਕੇ ਵੱਖ—ਵੱਖ ਸੇਵਾ ਕੇਂਦਰਾਂ ’ਚ ਕੰਮ ਕਰਦੇ ਸਮੂਹ ਮੁਲਾਜ਼ਮ ਹਾਜ਼ਰ ਸਨ। ਆਗੂਆਂ ਨੇ ਆਖਿਆ ਕਿ ਯੂਨੀਅਨ ਵੱਲੋਂ ਜਿ਼ਲ੍ਹਾ ਪ੍ਰਸ਼ਾਸਨ ਦੇ ਧਿਆਨ ’ਚ ਮੰਗਾਂ ਨੂੰ ਲਿਆਂਦਾ ਗਿਆ ਹੈ, ਪਰ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ। ਸੇਵਾ ਕੇਂਦਰ ਮੁਲਾਜ਼ਮ ਵੈਲਫੇਅਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਦਵਿੰਦਰ ਸ਼ਰਮਾ ਨੇ ਕਿਹਾ ਕਿ ਜੇਕਰ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਹੜਤਾਲ ਵਧਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਹੜਤਾਲ ਕਾਰਨ ਆਮ ਜਨਤਾ ਨੂੰ ਹੋਣ ਵਾਲੀ ਖੱਜਲ—ਖੁਆਰੀ ਦੀ ਪੂਰੀ ਜ਼ਿੰਮੇਵਾਰੀ ਸੇਵਾ ਕੇਂਦਰ ਪ੍ਰਬੰਧਕਾਂ ਦੀ ਹੋਵੇਗੀ।