ਕਰੰਟ ਲੱਗਣ ਕਾਰਨ ਔਰਤ ਦੀ ਮੌਤ
ਕਰੰਟ ਲੱਗਣ ਕਾਰਨ ਔਰਤ ਦੀ ਮੌਤ
Publish Date: Sun, 15 Feb 2026 06:20 PM (IST)
Updated Date: Mon, 16 Feb 2026 04:07 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਵਿਆਹ ਵਾਲੇ ਘਰ ਖੁਸ਼ੀਆਂ ਉਸ ਵੇਲੇ ਮਾਤਮ ’ਚ ਬਦਲ ਗਈਆਂ, ਜਦੋਂ ਵਿਆਹ ਵਾਲੇ ਪਰਿਵਾਰ ਦੀ ਇਕ ਨੌਜਵਾਨ ਔਰਤ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਗਈ ਅਤੇ ਵਿਆਹ ਵਾਲੀ ਕੁੜੀ ਸਪਨਾ ਨੂੰ ਮਾਤਮ ਭਰੇ ਸੋਗ ਮਈ ਮਹੌਲ ਵਿਚ ਸਾਦੇ ਢੰਗ ਨਾਲ ਆਨੰਦ ਕਾਰਜ ਕਰਵਾ ਕੇ ਉਸਦੇ ਸਹੁਰੇ ਘਰ ਵਿਦਾ ਕਰਨਾ ਪਿਆ। ਡਿਪਟੀ ਪੁੱਤਰ ਕਰਨੈਲ ਸਿੰਘ ਵਾਰਡ ਨੰਬਰ 13 ਵਾਸੀ ਮੂਨਕ ਜ਼ੋ ਕਿ ਅਦਾਲਤ ਬਰਨਾਲਾ ਵਿਖੇ ਬਤੌਰ ਸਟੈਨੋ ਤਾਇਨਾਤ ਨੇ ਦੱਸਿਆ ਕਿ ਉਸਦੀ ਸ਼ਾਦੀ ਕਰੀਬ 8 ਸਾਲ ਪਹਿਲਾਂ ਪਰਵੀਨ (35) ਪੁੱਤਰੀ ਦਾਰਾ ਸਿੰਘ ਵਾਸੀ ਮਾਨਕਸਰ ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ) ਨਾਲ ਹੋਈ ਸੀ ਤੇ ਉਸਨੇ ਇਕ ਬੇਟਾ ਤੇ ਇਕ ਬੇਟੀ ਨੂੰ ਜਨਮ ਦਿੱਤਾ। ਬੀਤੀ ਰਾਤ ਉਸ ਦੀ ਭਤੀਜੀ ਸਪਨਾ ਪੁੱਤਰੀ ਹਰਨੇਕ ਸਿੰਘ ਵਾਸੀ ਮੂਨਕ ਦੀ ਸ਼ਾਦੀ ਦਾ ਪ੍ਰੋਗਰਾਮ ਚੱਲ ਰਿਹਾ ਸੀ ਤੇ ਸਾਰਾ ਪਰਿਵਾਰ ਸਪਨਾ ਦੀ ਸ਼ਾਦੀ ਵਿਚ ਸ਼ਾਮਲ ਹੋਣ ਲਈ ਹਰਨੇਕ ਸਿੰਘ ਦੇ ਘਰ ਗਏ ਹੋਏ ਸਨ। ਵਿਆਹ ਕਾਰਜ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ ਜਦੋਂ ਉਸਦੀ ਪਤਨੀ ਪ੍ਰਵੀਨ ਤੇ ਕੁਝ ਹੋਰ ਔਰਤਾਂ ਘਰ ਦੀ ਛੱਤ ’ਤੇ ਬੈਠੀਆ ਸਨ ਤੇ ਥਲ੍ਹੇ ਵਿਹੜੇ ਵਿਚ ਡੀਜੇ ਚੱਲ ਰਿਹਾ ਸੀ। ਪਰਵੀਨ ਡੀਜੇ ਦੀ ਆਵਾਜ ਘੱਟ ਕਰਨ ਲਈ ਹੱਥ ਦਾ ਇਸ਼ਾਰਾ ਕਰਨ ਲੱਗੀ ਤਾਂ ਛੱਤ ਕੋਲੋਂ ਲੰਘ ਰਹੀ ਬਿਜਲੀ ਦੀ ਤਾਰ ਨਾਲ ਉਸਦੀ ਘਰਵਾਲੀ ਪਰਵੀਨ ਦਾ ਹੱਥ ਅਚਾਨਕ ਟਕਰਾਉਣ ਨਾਲ ਉਸ ਨੂੰ ਜੋਰਦਾਰ ਝਟਕਾ ਲੱਗਿਆ ਤੇ ਉਹ ਛੱਤ ਤੋਂ ਥਲ੍ਹੇ ਮੇਨ ਗੇਟ ਦੇ ਸਾਹਮਣੇ ਸੜਕ ’ਤੇ ਡਿੱਗ ਗਈ। ਇਸ ਨਾਲ ਉਸਦੀ ਪਤਨੀ ਪਰਵੀਨ ਦੇ ਸਿਰ ਵਿਚ ਕਾਫੀ ਸੱਟਾਂ ਵੱਜੀਆਂ ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੂਨਕ ਵਿਖੇ ਲੈ ਕੇ ਪੁੱਜੇ ਜਿੱਥੇ ਡਾਕਟਰਾਂ ਨੇ ਜ਼ਖ਼ਮੀ ਹਾਲਤ ’ਚ ਉਸਦੀ ਪਤਨੀ ਪਰਵੀਨ ਨੂੰ ਚੈੱਕ ਕਰਨ ਉਪਰੰਤ ਮ੍ਰਿਤਕ ਕਰਾਰ ਦੇ ਦਿੱਤਾ। ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ 194 ਬੀਐੱਨਐੱਸਐੱਸ ਦੀ ਕਾਰਵਾਈ ਅਧੀਨ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।