ਮੇਰੀ ਦੁਕਾਨ ਮੇਰੇ ਨਾਮ’ ਸਕੀਮ ਨਾਲ ਕਿਰਾਏਦਾਰ ਬਣ ਸਕਣਗੇ ਦੁਕਾਨਾਂ ਦੇ ਮਾਲਕ: ਮੇਅਰ ਗੋਗੀਆ
ਮੇਰੀ ਦੁਕਾਨ ਮੇਰੇ ਨਾਮ’ ਸਕੀਮ ਨਾਲ ਕਿਰਾਏਦਾਰ ਬਣ ਸਕਣਗੇ ਦੁਕਾਨਾਂ ਦੇ ਮਾਲਕ: ਮੇਅਰ ਗੋਗੀਆ
Publish Date: Thu, 29 Oct 2026 05:03 PM (IST)
Updated Date: Thu, 29 Oct 2026 05:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੇਰੀ ਦੁਕਾਨ ਮੇਰੇ ਨਾਮ ਸਕੀਮ ਤਹਿਤ ਨਗਰ ਨਿਗਮ ਪਟਿਆਲਾ ਦੀ ਮਾਲਕੀ ਵਾਲੀਆਂ ਦੁਕਾਨਾਂ ਤੇ ਕਾਬਜ਼ ਕਿਰਾਏਦਾਰਾਂ ਨੂੰ ਮਾਲਕ ਬਣਾਉਣ ਲਈ ਵਿਸ਼ੇਸ਼ ਪਹਿਲਕਦਮੀ ਕੀਤੀ ਗਈ ਹੈ। ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਦੇ ਸਮੂਹ ਕਿਰਾਏਦਾਰ ਦੁਕਾਨਦਾਰ ਭਰਾਵਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸਰਕਾਰ ਵੱਲੋਂ ਦਿੱਤੇ ਗਏ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਮੇਅਰ ਕੁੰਦਨ ਗੋਗੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿ ਪੰਜਾਬ ਮੈਨੇਜਮੈਂਟ ਐਂਡ ਟਰਾਂਸਫ਼ਰ ਆਫ਼ ਮਿਊਂਸਪਲ ਪ੍ਰਾਪਰਟੀਜ਼ ਐਕਟ 2020 ਅਧੀਨ 12 ਸਾਲਾਂ ਤੋਂ ਕਾਬਜ਼ ਕਿਰਾਏਦਾਰਾਂ ਨੂੰ ਪੀ-ਰਾਈਟਸ (ਮਾਲਕਾਨਾ ਹੱਕ) ਦੇਣ ਲਈ ਉਨ੍ਹਾਂ ਦੀ ਆਮਦਨ ਨੂੰ ਮੁੱਖ ਰੱਖਦਿਆਂ ਕੁਲੈਕਟਰ ਰੇਟਾਂ ਵਿੱਚ ਭਾਰੀ ਛੋਟ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਕਿਰਾਏਦਾਰ ਦੁਕਾਨਦਾਰਾਂ ਵੱਲੋਂ ਆਪਣੀਆਂ ਦਰਖ਼ਾਸਤਾਂ ਦਫ਼ਤਰ ਨਗਰ ਨਿਗਮ ਪਟਿਆਲਾ ਵਿਖੇ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 6 ਨਵੰਬਰ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਆਖ਼ਰੀ ਮਿਤੀ ਲੰਘਣ ਉਪਰੰਤ ਕਿਸੇ ਵੀ ਅਰਜ਼ੀ ਤੇ ਵਿਚਾਰ ਨਹੀਂ ਕੀਤਾ ਜਾਵੇਗਾ।