ਸ਼ੇਰਪੁਰ ਅਲਾਲ ਰੋਡ ਦੇ ਟੋਏ ਲੋਕਾਂ ਲਈ ਬਣੇ ਸਿਰਦਰਦੀ
ਸ਼ੇਰਪੁਰ ਅਲਾਲ ਰੋਡ ਸੜਕ ਦੀ ਆਖਿਰ ਕੌਣ ਲਵੇਗਾ ਸਾਰ
Publish Date: Fri, 23 Jan 2026 04:47 PM (IST)
Updated Date: Sat, 24 Jan 2026 04:04 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਕਸਬਾ ਸ਼ੇਰਪੁਰ ਤੋਂ ਆਲਾਲ ਰੋਡ ਅਤੇ ਈਨਾ ਬਾਜਵਾ ਤੋਂ ਝਲੂਰ ਨੂੰ ਜਾਂਦੀ ਸੜਕ ਇਨੀਂ ਦਿਨੀਂ ਬੇਹੱਦ ਖਾਦਸਾ ਹੋ ਚੁੱਕੀ ਹੈ। ਪਰੰਤੂ ਸਬੰਧਿਤ ਵਿਭਾਗ ਨੇ ਸੜਕਾਂ ਦੀ ਰਿਪੇਅਰ ਵੱਲ ਉਕਾ ਹੀ ਧਿਆਨ ਨਹੀਂ ਦਿੱਤਾ। ਬੀਤੀ ਰਾਤ ਪੈ ਰਹੇ ਮੀਂਹ ਕਾਰਨ ਸੜਕਾਂ ਤੇ ਪਏ ਵੱਡੇ ਵੱਡੇ ਟੋਇਆ ਵਿੱਚ ਪਾਣੀ ਭਰਨ ਨਾਲ ਰਾਹਗੀਰਾਂ ਨੂੰ ਲੰਘਣ ਵਿੱਚ ਹੋਰ ਵੀ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਚਮਕੌਰ ਸਿੰਘ ਭੋਲਾ ਟਿੱਬਾ, ਯੂਥ ਆਗੂ ਰਾਮਦਾਸ ਬਿੱਟੂ, ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਜਸਵਿੰਦਰ ਸਿੰਘ ਦੀਦਾਰਗੜ੍ਹ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਕਾਲਾਬੂਲਾ, ਬਹਾਦਰ ਸਿੰਘ ਢੰਡਾ, ਕਿਸਾਨ ਆਗੂ ਸਰਬਜੀਤ ਸਿੰਘ ਅਲਾਲ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਸੂਬੇ ਦੀਆਂ ਸੜਕਾਂ ਉੱਪਰ ਕਰੋੜਾਂ ਰੁਪਏ ਖਰਚ ਕਰਨ ਦੇ ਦਾਅਵੇ ਕਰ ਰਹੀ ਹੈ ਪ੍ਰੰਤੂ ਦੂਜੇ ਪਾਸੇ ਕਸਬਾ ਸ਼ੇਰਪੁਰ ਨਾਲ ਜੁੜਦੀਆਂ ਸੜਕਾਂ ਦੀ ਹਾਲਤ ਇੰਨੀਂ ਖਰਾਬ ਹੋ ਚੁੱਕੀ ਹੈ ਕਿ ਰਾਹਗੀਰਾਂ ਅਤੇ ਸਕੂਲੀ ਬੱਚਿਆਂ ਨੂੰ ਲੰਘਣ ਵਿੱਚ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਦੱਸਿਆ ਕਿ ਬੀਡੀਪੀਓ ਦਫਤਰ ਨੇੜੇ ਸੜਕ ਤੇ ਪਏ ਵੱਡੇ ਵੱਡੇ ਟੋਏ ਆਮ ਲੋਕਾਂ ਲਈ ਵੱਡੀ ਮੁਸੀਬਤ ਬਣੇ ਹੋਏ ਹਨ। ਉਪਰੋਕਤ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਖਰਾਬ ਹੋ ਚੁੱਕੀਆਂ ਸੜਕਾਂ ਦੀ ਜਲਦ ਮੁਰੰਮਤ ਕਰਵਾਈ ਜਾਵੇ। ਮਹਿਲ ਕਲਾਂ ਹਲਕੇ ਦੀਆਂ ਟੁੱਟੀਆਂ ਸੜਕਾਂ ਦੀ ਹੋਵੇਗੀ ਕਾਇਆ ਕਲਪ: ਪੰਡੋਰੀ ਜਦੋਂ ਇਸ ਮਾਮਲੇ ਸਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸ਼ੇਰਪੁਰ ਕਸਬੇ ਦੀਆਂ ਅੰਦਰੂਨੀ ਸੜਕਾਂ ਲਈ ਕਰੋੜਾਂ ਰੁਪਏ ਮਨਜ਼ੂਰ ਹੋ ਚੁੱਕੇ ਹਨ ਕਸਬੇ ਅੰਦਰਲੀਆਂ ਕੰਕਰੀਟ ਸੜਕਾਂ ਬਣਾਈਆਂ ਜਾਣਗੀਆਂ। ਜਿਹੜੀਆਂ ਸੜਕਾਂ ਦੇ ਕੁਝ ਥਾਵਾਂ ਤੋਂ ਜਰੂਰ ਮਰੰਮਤ ਅਧੀਨ ਹਨ ਪਰੰਤੂ ਥੋੜ੍ਹੇ ਸਮੇਂ ਅੰਦਰ ਹੀ ਹਲਕੇ ਦੀਆਂ ਖਰਾਬ ਹੋ ਚੁੱਕੀਆਂ ਸਾਰੀਆਂ ਸੜਕਾਂ ਨੂੰ ਹੀ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ।