- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਧਰਤੀ ਉੱਤੇ ਅਧਰਮ ਦਾ ਵਾਧਾ ਹੁੰਦਾ ਹੈ, ਉਦੋਂ ਪ੍ਰਭੂ ਆਪਣੇ ਭਗਤਾਂ ਲਈ ਅਵਤਾਰ ਧਾਰਨ ਕਰਦੇ ਹਨ: ਸਵਾਮੀ ਸੁਰੇਸ਼ਵਰਾਨੰਦ ਪੁਰੀ

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਪ੍ਰਾਚੀਨ ਸ਼੍ਰੀ ਹਨੂੰਮਾਨ ਮੰਦਰ ਵਿਖੇ ਚੱਲ ਰਹੀ ਸੱਤ ਰੋਜ਼ਾ ਸ਼੍ਰੀਮਦ ਭਾਗਵਤ ਕਥਾ ਦੇ ਚੌਥੇ ਦਿਨ ਪਰਮ ਪੂਜਯ ਸੰਤ ਸ੍ਰੀ ਸਵਾਮੀ ਸੁਰੇਸ਼ਵਰਾਨੰਦ ਪੁਰੀ ਜੀ ਮਹਾਰਾਜ ਨੇ ਆਪਣੀ ਅੰਮ੍ਰਿਤਮਈ ਬਾਣੀ ਰਾਹੀਂ ਸ਼ਰਧਾਲੂਆਂ ਨੂੰ ਸੂਰਜਵੰਸ਼ ਦੀ ਮਹਿਮਾ, ਗੰਗਾ ਜੀ ਦੀ ਮਹੱਤਤਾ ਅਤੇ ਭਗਵਾਨ ਸ੍ਰੀ ਰਾਮ ਤੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਅਵਤਾਰਾਂ ਨਾਲ ਸੰਬੰਧਿਤ ਪਾਵਨ ਪ੍ਰਸੰਗਾਂ ਦਾ ਸਰਵਣ ਕਰਵਾਇਆ। ਸਵਾਮੀ ਜੀ ਨੇ ਭਗਵਾਨ ਦੇ ਅਵਤਾਰਾਂ ਦੀ ਮਹਿਮਾ ਦਾ ਵਰਣਨ ਕਰਦਿਆਂ ਦੱਸਿਆ ਕਿ ਜਦੋਂ-ਜਦੋਂ ਧਰਤੀ ਉੱਤੇ ਧਰਮ ਦੀ ਹਾਨੀ ਅਤੇ ਅਧਰਮ ਦਾ ਵਾਧਾ ਹੁੰਦਾ ਹੈ, ਉਦੋਂ ਪ੍ਰਭੂ ਆਪਣੇ ਭਗਤਾਂ ਦੀ ਰੱਖਿਆ ਅਤੇ ਧਰਮ ਦੀ ਸਥਾਪਨਾ ਲਈ ਅਵਤਾਰ ਧਾਰਨ ਕਰਦੇ ਹਨ। ਇਸ ਮੌਕੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦੀ ਖੁਸ਼ੀ ’ਚ ਨੰਦ ਉਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਭਗਤੀਮਈ ਮਾਹੌਲ ਵਿੱਚ ਸ਼ਰਧਾਲੂਆਂ ਨੇ ਨੰਦ ਉਤਸਵ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸਮੁੱਚਾ ਮਾਹੌਲ ਕ੍ਰਿਸ਼ਨ ਭਗਤੀ ਦੇ ਰੰਗ ’ਚ ਰੰਗਿਆ ਗਿਆ। ਕਥਾ ਦੌਰਾਨ ਸਵਾਮੀ ਜੀ ਨੇ ਸ਼ਰਧਾਲੂਆਂ ਨੂੰ ਪ੍ਰਭੂ ਦੀ ਭਗਤੀ, ਧਰਮ ਅਤੇ ਸਦਾਚਾਰ ਦੇ ਮਾਰਗ ਉੱਤੇ ਚੱਲਣ ਦੀ ਪ੍ਰੇਰਣਾ ਦਿੱਤੀ। ਹਨੂੰਮਾਨ ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਵਿਸ਼ਾਲ ਸਿੰਗਲਾ (ਵਿੱਕੀ) ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਸ੍ਰੀਮਦ ਭਾਗਵਤ ਕਥਾ 24 ਨਵੰਬਰ ਤੱਕ ਰੋਜ਼ਾਨਾ ਸ਼ਾਮ 3 ਵਜੇ ਤੋਂ 6 ਵਜੇ ਤੱਕ ਪ੍ਰਾਚੀਨ ਸ੍ਰੀ ਹਨੂਮਾਨ ਮੰਦਰ ਬਨੂੜ ਵਿਖੇ ਜਾਰੀ ਰਹੇਗੀ।