
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵੈਲਫੇਅਰ ਸੋਸਾਇਟੀ ਨੇ ਪਲਾਸਟਿਕ ਵਿਰੁੱਧ ਵਿੱਢੀ ਮੁਹਿੰਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਨੂੰ ਘਟਾਉਣ ਤੇ ਲੋਕਾਂ ਨੂੰ ਕੱਪੜੇ ਤੇ ਜੂਟ ਦੇ ਥੈਲੇ ਵਰਤਣ ਲਈ ਪ੍ਰੇਰਿਤ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ। ਸੁਸਾਇਟੀ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ 26 ਸਾਲਾਂ ਤੋਂ ਕਾਰਜ ਕੀਤਾ ਜਾ ਰਿਹਾ ਹੈ ਤੇ ਇਸ ਵਰ੍ਹੇ ਸਿਲਵਰ ਜੁਬਲੀ ਵੀ ਮਨਾਈ ਜਾ ਰਹੀ ਹੈ। ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਅੱਜਕੱਲ੍ਹ ਲੋਕ ਕੱਪੜੇ ਦੇ ਥੈਲਿਆਂ ਦੀ ਥਾਂ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਵਧੇਰੇ ਕਰ ਰਹੇ ਹਨ, ਜੋ ਵਾਤਾਵਰਣ ਦੇ ਨਾਲ-ਨਾਲ ਮਨੁੱਖੀ ਸਿਹਤ ਲਈ ਵੀ ਨੁਕਸਾਨਦਾਇਕ ਹਨ। ਇਸ ਲਈ ਲੋਕਾਂ ਨੂੰ ਸਬਜ਼ੀ ਅਤੇ ਹੋਰ ਸਮਾਨ ਲੈਣ ਸਮੇਂ ਕੱਪੜੇ ਦੇ ਥੈਲੇ ਵਰਤਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਰਾਣੇ ਸਮੇਂ ਵਿਚ ਲੋਕ ਪੁਰਾਣੇ ਕੱਪੜਿਆਂ ਤੋਂ ਬਣੇ ਥੈਲਿਆਂ ਦੀ ਵਰਤੋਂ ਕਰਕੇ ਸਮਾਨ ਲਿਆਉਂਦੇ ਸਨ। ਇਸ ਰਵਾਇਤ ਨੂੰ ਮੁੜ ਉਤਸ਼ਾਹਿਤ ਕਰਨ ਲਈ ਸੁਸਾਇਟੀ ਵੱਲੋਂ ਪਿਛਲੇ 25 ਸਾਲਾਂ ਦੌਰਾਨ ਡੇਢ ਲੱਖ ਤੋਂ ਵੱਧ ਕੱਪੜੇ ਦੇ ਥੈਲੇ ਵੰਡੇ ਜਾ ਚੁੱਕੇ ਹਨ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਇੰਜੀਨੀਅਰ ਲਵਨੀਤ ਦੂਬੇ ਨੇ ਸੁਸਾਇਟੀ ਵੱਲੋਂ ਤਿਆਰ ਕੀਤੇ ਕੱਪੜੇ ਦੇ ਥੈਲੇ ਲੋਕਾਂ ਨੂੰ ਵੰਡਣ ਲਈ ਰਿਲੀਜ਼ ਕੀਤੇ। ਉਨ੍ਹਾਂ ਲੋਕਾਂ ਨੂੰ ਪਲਾਸਟਿਕ ਦੀ ਥਾਂ ਮੁੜ ਵਰਤੋਂ ਯੋਗ ਕੱਪੜੇ ਜਾਂ ਜੂਟ ਦੇ ਥੈਲੇ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਰਾਜੀਵ ਗੁਪਤਾ, ਸੁਪਰਡੈਂਟ ਇੰਜੀਨੀਅਰ, ਇੰਜੀਨੀਅਰ ਪਰਵੀਨ ਸਲੂਜਾ, ਅਜੀਤ ਸਿੰਘ ਭੱਟੀ, ਵਾਈਸ ਪ੍ਰਧਾਨ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਅਤੇ ਵਿਜੇ ਕੁਮਾਰ ਗੋਇਲ ਸਮੇਤ ਹੋਰ ਮੈਂਬਰ ਹਾਜ਼ਰ ਸਨ।