ਰੇਲਵੇ ਓਵਰ ਬ੍ਰਿਜ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਕਰਾਂਗੇ ਸੰਘਰਸ਼ : ਰਿਖੀ
ਰੇਲਵੇ ਓਵਰ ਬ੍ਰਿਜ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਕਰਾਂਗੇ ਸੰਘਰਸ਼ - ਰਿਖੀ
Publish Date: Mon, 30 Mar 2026 06:25 PM (IST)
Updated Date: Tue, 31 Mar 2026 04:08 AM (IST)

ਪੱਤਰ ਪ੍ਰੇਰਕੀ, ਪੰਜਾਬੀ ਜਾਗਰਣ, ਧੂਰੀ : ਰੇਲਵੇ ਓਵਰ ਬ੍ਰਿਜ ਐਕਸ਼ਨ ਕਮੇਟੀ ਪਿਛਲੇ ਸਮੇਂ ਧੂਰੀ ਰੇਲਵੇ ਓਵਰ ਬ੍ਰਿਜ ਦੇ ਮਸਲੇ ਨੂੰ ਲੈ ਕੇ ਭੁੱਖ ਹੜਤਾਲ਼ ’ਤੇ ਬੈਠ ਕੇ ਓਵਰ ਬ੍ਰਿਜ ਨੂੰ ਮਨਜੂਰੀ ਦਵਾਉਣ ਵਾਲੇ ਨੌਜਵਾਨ ਆਗੂ ਜਸਵਿੰਦਰ ਸਿੰਘ ਰਿਖੀ ਨੇ ਧੂਰੀ ਦੇ ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਰੇਲਵੇ ਓਵਰਬ੍ਰਿਜ ਧੂਰੀ ਦੀ 30-40 ਸਾਲ ਪੁਰਾਣੀ ਮੰਗ ਹੈ। ਇਹ ਸਿਰਫ਼ ਇਕ ਪੁਲ ਨਹੀਂ, ਸਗੋਂ ਲੋਕਾਂ ਦੀ ਸੁਰੱਖਿਆ, ਵਪਾਰ ਤੇ ਭਵਿੱਖ ਨਾਲ ਜੁੜਿਆ ਮਸਲਾ ਹੈ। ਸਾਡੇ ਸੰਘਰਸ਼ ਤੇ ਲੋਕਾਂ ਦੇ ਸਹਿਯੋਗ ਨਾਲ ਇਹ ਮਾਮਲਾ ਮਨਜ਼ੂਰੀ ਤੱਕ ਪਹੁੰਚਿਆ, ਪਰ ਅਫ਼ਸੋਸ ਹੈ ਕਿ ਹੁਣ ਪੰਜਾਬ ਸਰਕਾਰ ਵੱਲੋਂ ਇਸ ਕੰਮ ਨੂੰ ਲਟਕਾਇਆ ਜਾ ਰਿਹਾ ਹੈ। ਓਨ੍ਹਾਂ ਕਿਹਾ ਕਿ ਰੇਲਵੇ ਓਵਰ ਬ੍ਰਿਜ ਲਈ ਬਣੀ ਐਕਸ਼ਨ ਕਮੇਟੀ ਦੇ ਸਾਰੇ ਮੈਂਬਰਾਂ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਸਰਕਾਰ ਨੂੰ ਸਪਸ਼ਟ ਅਤੇ ਅੰਤਿਮ ਚਿਤਾਵਨੀ ਦਿੰਦੇ ਹਾਂ ਕਿ ਜੇਕਰ ਇੱਕ ਮਹੀਨੇ ਦੇ ਅੰਦਰ-ਅੰਦਰ ਕੰਮ ਸ਼ੁਰੂ ਨਾ ਕੀਤਾ ਗਿਆ, ਤਾਂ ਧੂਰੀ ਦੀ ਜਨਤਾ ਦੇ ਹੱਕ ਲਈ ਇਕ ਵੱਡਾ ਅਤੇ ਤਾਕਤਵਰ ਲੋਕਤੰਤਰਿਕ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਹ ਸੰਘਰਸ਼ ਪੂਰੀ ਤਰ੍ਹਾਂ ਸ਼ਾਂਤਮਈ ਤੇ ਕਾਨੂੰਨੀ ਹੋਵੇਗਾ, ਪਰ ਇਸ ਦੀ ਆਵਾਜ਼ ਬਹੁਤ ਮਜ਼ਬੂਤ ਹੋਵੇਗੀ। ਅਸੀਂ ਆਪਣੇ ਹੱਕ ਤੋਂ ਪਿੱਛੇ ਨਹੀਂ ਹਟਾਂਗੇ। ਧੂਰੀ ਦੇ ਲੋਕ ਹੁਣ ਹੋਰ ਇੰਤਜ਼ਾਰ ਕਰਨ ਲਈ ਤਿਆਰ ਨਹੀਂ। ਸਾਡਾ ਨਾਰਾ ਹੈ ਪੁਲ ਸਾਡਾ ਹੱਕ ਹੈ ਹੁਣ ਦੇਰੀ ਬਰਦਾਸ਼ਤ ਨਹੀਂ। ਧੂਰੀ ਦੀ ਆਵਾਜ਼, ਹੱਕ ਲਈ ਸੰਘਰਸ਼! ਅਸੀਂ ਫਿਰ ਅਪੀਲ ਕਰਦੇ ਹਾਂ ਕਿ ਸਰਕਾਰ ਲੋਕਾਂ ਦੀ ਭਾਵਨਾ ਨੂੰ ਸਮਝੇ ਅਤੇ ਤੁਰੰਤ ਕੰਮ ਸ਼ੁਰੂ ਕਰੇ, ਤਾਂ ਜੋ ਕਿਸੇ ਵੀ ਵੱਡੇ ਆੰਦੋਲਨ ਦੀ ਨੌਬਤ ਨਾ ਆਵੇ, ਨਹੀਂ ਤਾਂ ਹੁਣ ਮੁੱਖ ਮੰਤਰੀ ਕੈਂਪਸ ਤੇ ਕੱਕੜਵਾਲ ਚੌਕ ਜਾਮ ਕੀਤਾ ਜਾਵੇਗਾ।