30 ਨੂੰ ਲੈਂਡ ਮਾਰਕ ਬੈਂਕਾਂ ਮੂਹਰੇ ਦੇਵਾਂਗੇ ਧਰਨਾ: ਚੱਠਾ
30 ਨੂੰ ਲੈਂਡ ਮਾਰਕ ਬੈਂਕਾਂ ਮੂਹਰੇ ਦੇਵਾਂਗੇ ਧਰਨਾ: ਚੱਠਾ
Publish Date: Sat, 28 Mar 2026 06:02 PM (IST)
Updated Date: Sun, 29 Mar 2026 04:09 AM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤਹਿਤ 30 ਮਾਰਚ ਨੂੰ ਲੈਂਡ ਮਾਰਗੇਜ਼ ਬੈਂਕਾਂ ਅਤੇ 2 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅੱਗੇ ਧਰਨਾ ਦਿੱਤਾ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 20 ਏਕੜ ਤੋਂ ਉੱਪਰ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਕਰਨ ਦੀ ਪਾਲਸੀ ਲਿਆਂਦੀ ਜਾ ਰਹੀ ਹੈ ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਇਹਨਾਂ ਕਿਸਾਨ ਮਾਰੂ ਨੀਤੀਆਂ ਕਾਰਨ ਐਮਐਸਪੀ ਦਾ ਗਾਰੰਟੀ ਕਾਨੂੰਨ ਅਤੇ ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਨਾਂ ਹੋਣ ਕਾਰਨ ਹੀ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਉਨਾਂ ਪੀੜਤ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਲੈਂਡ ਮਾਰਕ ਬੈਂਕ ਦੇ ਮੈਨੇਜਰ ਉੱਪਰ ਕਤਲ ਦਾ ਮੁਕੱਦਮਾ ਦਰਜ ਕਰਵਾਉਣ ਲਈ 30 ਮਾਰਚ ਨੂੰ ਪੰਜਾਬ ਭਰ ਅੰਦਰ ਖੇਤੀ ਵਿਕਾਸ ਬੈਂਕਾਂ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਉਸ ਲੈਂਡ ਮਾਰਗੇਜ਼ ਬੈਂਕ ਦੇ ਮੈਨੇਜਰ ਦੇ ਪੁਤਲੇ ਫੂਕੇ ਜਾਣਗੇ ਜਿਸ ਤਹਿਤ ਜ਼ਿਲ੍ਹਾ ਸੰਗਰੂਰ ਅੰਦਰ ਸੁਨਾਮ ਅਤੇ ਲਹਿਰਾਗਾਗਾ ਵਿਖੇ ਲੈਂਡ ਮਾਰਕ ਬੈਂਕਾਂ ਅੱਗੇ ਧਰਨਾ ਦੇ ਕੇ ਪੁਤਲੇ ਫੂਕੇ ਜਾਣਗੇ । ਉਨ੍ਹਾਂ ਦੱਸਿਆ ਕਿ ਐੱਸਕੇਐੱਮ ਗੈਰ-ਰਾਜਨੀਤਕ ਭਾਰਤ ਵੱਲੋਂ 2 ਅਪ੍ਰੈਲ ਨੂੰ ਸਮੁੱਚੇ ਭਾਰਤ ਅੰਦਰ ਜਿਲਾ ਹੈਡਕੁਆਰਟਰਾਂ ਉੱਪਰ ਰਾਸ਼ਟਰਪਤੀ ਦੇ ਨਾਮ ਭਾਰਤ ਸਰਕਾਰ ਵੱਲੋਂ ਹੋਰ ਦੇਸ਼ਾਂ ਨਾਲ ਕੀਤੇ ਗਏ ਮੁਕਤ ਵਪਾਰ ਸਮਝੌਤੇ ਰੱਦ ਕਰਨ, ਉਨਾਂ ਸਮਝੌਤਿਆਂ ਤੋਂ ਬਾਹਰ ਆਉਣ ਸਮੇਤ ਹੋਰਨਾਂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਜਾਣਗੇ।