ਕਾਲਾਬੂਲਾ-ਕਾਤਰੋਂ ਸੜਕ ਦੇ ਟੋਇਆਂ 'ਚ ਖੜ੍ਹਾ ਪਾਣੀ ਲੋਕਾਂ ਲਈ ਮੁਸੀਬਤ ਕਾਲਾਬੂਲਾ-ਕਾਤਰੋਂ ਸੜਕ ਦੇ ਟੋਇਆਂ 'ਚ ਖੜ੍ਹਾ ਪਾਣੀ ਲੋਕਾਂ ਲਈ ਮੁਸੀਬਤ
Publish Date: Sun, 26 Jul 2026 05:16 PM (IST)
Updated Date: Mon, 27 Jul 2026 04:01 AM (IST)
ਬਾਰਿਸ਼ ਮਗਰੋਂ ਗੋਡੇ-ਗੋਡੇ ਪਾਣੀ, ਸਕੂਲੀ ਬੱਚੇ ਤੇ ਰਾਹਗੀਰ ਰੋਜ਼ਾਨਾ ਹੋ ਰਹੇ ਪ੍ਰੇਸ਼ਾਨ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਦਾ ਤੇਜ਼ੀ ਨਾਲ ਵਿਕਾਸ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਕਈ ਪਿੰਡਾਂ ਦੀਆਂ ਟੁੱਟੀਆਂ-ਫੁੱਟੀਆਂ ਸੜਕਾਂ ਸਰਕਾਰੀ ਦਾਅਵਿਆਂ ਦੀ ਹਕੀਕਤ ਬਿਆਨ ਕਰ ਰਹੀਆਂ ਹਨ। ਪਿੰਡ ਕਾਲਾਬੂਲਾ ਅਤੇ ਕਾਤਰੋਂ ਤੋਂ ਧੂਰੀ ਨੂੰ ਜਾਂਦੀ ਮੁੱਖ ਸੜਕ ਲੰਮੇ ਸਮੇਂ ਤੋਂ ਖਸਤਾ ਹਾਲਤ ਵਿੱਚ ਹੈ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਹਰ ਰੋਜ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਤੇ ਪਏ ਵੱਡੇ-ਵੱਡੇ ਟੋਇਆਂ ਵਿੱਚ ਹਲਕੀ ਜਿਹੀ ਬਾਰਿਸ਼ ਤੋਂ ਬਾਅਦ ਵੀ ਗੋਡੇ-ਗੋਡੇ ਪਾਣੀ ਭਰ ਜਾਂਦਾ ਹੈ। ਖੜ੍ਹੇ ਗੰਦੇ ਪਾਣੀ ਕਾਰਨ ਆਲੇ-ਦੁਆਲੇ ਦੇ ਘਰਾਂ ਦੇ ਵਸਨੀਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਰਾਹਗੀਰਾਂ ਅਤੇ ਦੋ ਪਹੀਆ ਵਾਹਨ ਚਾਲਕਾਂ ਲਈ ਇਹ ਸੜਕ ਹਾਦਸਿਆਂ ਦਾ ਕਾਰਨ ਬਣੀ ਹੋਈ ਹੈ। ਕਈ ਵਾਰ ਵਾਹਨ ਚਾਲਕ ਟੋਇਆਂ ਦਾ ਅੰਦਾਜ਼ਾ ਨਾ ਲੱਗਣ ਕਾਰਨ ਹਾਦਸਿਆਂ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਸਕੂਲ ਜਾਣ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਰੋਜ਼ਾਨਾ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਅਤੇ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕਾਤਰੋਂ ਬੱਸ ਸਟੈਂਡ ਨੇੜੇ ਸੜਕ ਦੇ ਵਿਚਕਾਰ ਬਣੇ ਡੂੰਘੇ ਟੋਏ ਵੀ ਲੋਕਾਂ ਲਈ ਸਥਾਈ ਸਿਰਦਰਦੀ ਬਣੇ ਹੋਏ ਹਨ ਅਤੇ ਕਈ ਵਾਰ ਹਾਦਸਿਆਂ ਦਾ ਕਾਰਨ ਬਣ ਚੁੱਕੇ ਹਨ। ਇਸ ਮੌਕੇ ਸਾਬਕਾ ਸਰਪੰਚ ਰਣਜੀਤ ਸਿੰਘ ਰੰਧਾਵਾ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਜਨਰਲ ਸਕੱਤਰ ਹੰਸ ਰਾਜ ਬਾਵਾ, ਸ੍ਰੀ ਗੁਰੂ ਰਵਿਦਾਸ ਸਪੋਰਟਸ ਕਲੱਬ ਦੇ ਪ੍ਰਧਾਨ ਵਜ਼ੀਰ ਸਿੰਘ, ਨੌਜਵਾਨ ਆਗੂ ਗੋਪਾਲ ਸਿੰਘ, ਨੰਬਰਦਾਰ ਗੁਰਸੰਤ ਸਿੰਘ, ਸਾਬਕਾ ਸਰਪੰਚ ਅਮਰਜੀਤ ਕੌਰ ਅਤੇ ਹੋਰ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਕਿ ਕਾਲਾਬੂਲਾ ਅਤੇ ਕਾਤਰੋਂ ਦੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੱਲ ਨਾ ਕੀਤਾ ਗਿਆ ਤਾਂ ਇਲਾਕਾ ਵਾਸੀ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਲਈ ਮਜਬੂਰ ਹੋਣਗੇ। ਹਲਕੇ ਦੀ ਕੋਈ ਵੀ ਸੜਕ ਅਧੂਰੀ ਨਹੀਂ ਰਹੇਗੀ : ਵਿਧਾਇਕ ਇਸ ਮਾਮਲੇ ਸੰਬੰਧੀ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਹੈ ਕਿ ਲਗਭਗ ਹਲਕੇ ਦੀਆਂ ਸਾਰੀਆਂ ਸੜਕਾਂ ਦਾ ਨਿਰਮਾਣ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ ਜ਼ਿਆਦਾਤਰ ਮੁਕੰਮਲ ਹੋ ਚੁੱਕੀਆਂ ਹਨ। ਹਲਕੇ ਦੀ ਕਿਸੇ ਪਿੰਡ ਦੀ ਸੜਕ ਨੂੰ ਅਧੂਰਾ ਨਹੀਂ ਛੱਡਿਆ ਜਾਵੇਗਾ।