- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗਤ ਨੂੰ ਕਰਵਾਏ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ: ਨਰਿੰਦਰ ਨਿੰਦਾ

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਹਲਕਾ ਘਨੌਰ ਦੇ ਵੱਖ-ਵੱਖ ਪਿੰਡਾਂ ਦੀ ਸੰਗਤ ਨੂੰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਨਿੰਦਾ ਵੱਲੋਂ ਧਾਰਮਿਕ ਯਾਤਰਾ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਤਹਿਤ ਹਲਕੇ ਦੇ ਹਰੇਕ ਪਿੰਡ ਤੋਂ ਸੰਗਤ ਨੂੰ ਬੱਸਾਂ ਰਾਹੀਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਲਿਜਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਪਿੰਡ ਕਬੂਲਪੁਰ ਤੋਂ ਵੀ ਸੰਗਤ ਦੀ ਇੱਕ ਬੱਸ ਗੁਰਧਾਮਾਂ ਲਈ ਰਵਾਨਾ ਕੀਤੀ ਗਈ। ਨਰਿੰਦਰ ਸਿੰਘ ਨਿੰਦਾ ਨੇ ਦੱਸਿਆ ਕਿ ਹੁਣ ਤੱਕ ਇਸ ਧਾਰਮਿਕ ਯਾਤਰਾ ਤਹਿਤ 56 ਬੱਸਾਂ ਰਵਾਨਾ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਕ ਬੱਸ ’ਤੇ ਕਰੀਬ 20 ਤੋਂ 22 ਹਜ਼ਾਰ ਰੁਪਏ ਦਾ ਖਰਚਾ ਆ ਰਿਹਾ ਹੈ, ਜੋ ਉਹ ਆਪਣੇ ਨਿੱਜੀ ਖਰਚੇ ’ਤੇ ਕਰ ਰਹੇ ਹਨ। ਇਸ ਹਿਸਾਬ ਨਾਲ ਹੁਣ ਤੱਕ 56 ਬੱਸਾਂ ’ਤੇ ਲਗਭਗ 11.20 ਲੱਖ ਤੋਂ 12.32 ਲੱਖ ਰੁਪਏ ਤੱਕ ਦਾ ਖਰਚਾ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਸੰਗਤ ਨੂੰ ਗੁਰਦੁਆਰਾ ਭੱਠਾ ਸਾਹਿਬ, ਸ੍ਰੀ ਫਤਹਿਗੜ੍ਹ ਸਾਹਿਬ, ਗੁਰਦੁਆਰਾ ਕੋਟਲਾ ਨਿਹੰਗ ਖਾਂ ਅਤੇ ਚਮਕੌਰ ਸਾਹਿਬ ਸਮੇਤ ਵੱਖ-ਵੱਖ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਨਿੰਦਾ ਨੇ ਕਿਹਾ ਕਿ ਇਸ ਉਪਰਾਲੇ ਦਾ ਮਕਸਦ ਸੰਗਤ ਨੂੰ ਗੁਰੂ ਘਰਾਂ ਨਾਲ ਜੋੜਨਾ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਤੇ ਗੁਰੂ ਸਾਹਿਬਾਨ ਦੀਆਂ ਮਹਾਨ ਕੁਰਬਾਨੀਆਂ ਤੋਂ ਜਾਣੂ ਕਰਵਾਉਣਾ ਹੈ।