ਵਿਨੋਦ ਕੁਮਾਰ ਬੋਦੀ ਆਪਣੇ ਸਾਥੀਆਂ ਸਣੇ ਭਾਜਪਾ ’ਚ ਸ਼ਾਮਲ ਵਿਨੋਦ ਕੁਮਾਰ ਬੋਦੀ ਆਪਣੇ ਸਾਥੀਆਂ ਸਣੇ ਭਾਜਪਾ ’ਚ ਸ਼ਾਮਿਲ
Publish Date: Wed, 11 Nov 2026 04:33 PM (IST)
Updated Date: Thu, 12 Nov 2026 04:00 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਕਾਂਗਰਸ ਪਾਰਟੀ ਦੇ ਉੱਘੇ ਆਗੂ ਅਤੇ ਸਾਬਕਾ ਨਗਰ ਕੌਂਸਲਰ ਵਿਨੋਦ ਕੁਮਾਰ ਬੋਦੀ ਨੇ ਕਾਂਗਰਸ ਪਾਰਟੀ ਛੱਡ ਕੇ ਮੁੜ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਆਪਣੀ ‘ਘਰ ਵਾਪਸੀ’ ਕਰ ਲਈ ਹੈ। ਵਿਨੋਦ ਕੁਮਾਰ ਬੋਦੀ ਨੇ ਆਪਣੀ ਪੂਰੀ ਟੀਮ ਅਤੇ ਵੱਡੀ ਗਿਣਤੀ ਸਮਰਥਕਾਂ ਸਮੇਤ ਰਸਮੀ ਤੌਰ ਤੇ ਭਾਜਪਾ ਦਾ ਮੁੜ ਪੱਲਾ ਫੜਿਆ ਹੈ। ਇਸ ਸ਼ਮੂਲੀਅਤ ਦੌਰਾਨ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰਕੇ ਆਪਣੀ ਟੀਮ ਨਾਲ ਜੁਆਇਨਿੰਗ ਦੀ ਪ੍ਰਕਿਰਿਆ ਪੂਰੀ ਕੀਤੀ। ਇਸ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਰਸਮੀ ਐਲਾਨ ਕੀਤਾ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸਤਵੰਤ ਸਿੰਘ ਪੂਨੀਆ, ਭਾਜਪਾ ਕਿਸਾਨ ਮੋਰਚਾ ਦੇ ਸੂਬਾ ਉਪ ਪ੍ਰਧਾਨ ਅਮਨਦੀਪ ਸਿੰਘ ਪੂਨੀਆ ਅਤੇ ਪਵਨ ਕੁਮਾਰ ਗਰਗ ਸਮੇਤ ਪਾਰਟੀ ਦੇ ਕਈ ਪ੍ਰਮੁੱਖ ਆਗੂ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਸਮੁੱਚੀ ਭਾਜਪਾ ਲੀਡਰਸ਼ਿਪ ਨੇ ਵਿਨੋਦ ਕੁਮਾਰ ਬੋਦੀ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ ਵਿੱਚ ਜੀ ਆਇਆਂ ਨੂੰ ਆਖਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ। ਪਾਰਟੀ ਆਗੂਆਂ ਨੇ ਕਿਹਾ ਕਿ ਵਿਨੋਦ ਕੁਮਾਰ ਬੋਦੀ ਦੇ ਭਾਜਪਾ ਵਿੱਚ ਵਾਪਸ ਆਉਣ ਨਾਲ ਸੰਗਰੂਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਰਟੀ ਕੇਡਰ ਨੂੰ ਵੱਡਾ ਬਲ ਮਿਲੇਗਾ। ਦੂਜੇ ਪਾਸੇ, ਵਿਨੋਦ ਕੁਮਾਰ ਬੋਦੀ ਨੇ ਆਖਿਆ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਘਰ ਵਾਪਸ ਪਰਤੇ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਮਜ਼ਬੂਤੀ ਅਤੇ ਲੋਕ ਸੇਵਾ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।