- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸ.ਆਈ.ਆਰ. ਲਈ ਵਿਨੈ ਬੁਬਲਾਨੀ ਪਟਿਆਲਾ ਦੇ ਰੋਲ ਆਬਜ਼ਰਵਰ ਨਿਯੁਕਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪਟਿਆਲਾ ਦੇ ਮੰਡਲ ਕਮਿਸ਼ਨਰ ਵਿਨੈ ਬੁਬਲਾਨੀ ਨੂੰ ਸਪੈਸ਼ਲ ਇੰਟੈਸਿਵ ਰਿਵੀਜ਼ਨ (ਐਸਆਈਆਰ)-2026 ਲਈ ਪਟਿਆਲਾ ਦਾ ਰੋਲ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ, ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, 13-ਪਟਿਆਲਾ ਦੇ ਸੰਸਦ ਮੈਂਬਰ, ਵਿਧਾਇਕਾਂ ਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਐਸਆਈਆਰ ਦੇ ਨੋਟਿਸ ਪੜਾਅ ਅਤੇ ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਸਮੀਖਿਆ ਕੀਤੀ। ਵਿਨੈ ਬੁਬਲਾਨੀ ਨੇ ਕਿਹਾ ਕਿ ਐਸਆਈਆਰ ਦਾ ਮੁੱਖ ਉਦੇਸ਼ ਸ਼ੁੱਧ, ਸਹੀ ਅਤੇ ਤਰੁੱਟੀ-ਰਹਿਤ ਵੋਟਰ ਸੂਚੀਆਂ ਤਿਆਰ ਕਰਨਾ ਹੈ। ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਤੋਂ ਬਾਹਰ ਨਾ ਰਹੇ ਅਤੇ ਕੋਈ ਅਯੋਗ ਵਿਅਕਤੀ ਸੂਚੀ ਵਿਚ ਸ਼ਾਮਲ ਨਾ ਹੋਵੇ, ਇਸ ਲਈ ਬਾਰੀਕੀ ਨਾਲ ਤਸਦੀਕ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐਸਆਈਆਰ ਦੌਰਾਨ ਉਹ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਤਿੰਨ ਦੌਰੇ ਕਰਨਗੇ। ਉਨ੍ਹਾਂ ਦੱਸਿਆ ਕਿ 13 ਤੋਂ 31 ਅਗਸਤ ਤੱਕ ਫਾਰਮ-6 ਦੇ 13,973, ਫਾਰਮ-6ਏ ਦੇ 36, ਫਾਰਮ-7 ਦੇ 184 ਅਤੇ ਫਾਰਮ-8 ਦੇ 4,242 ਮਾਮਲੇ ਪ੍ਰਾਪਤ ਹੋਏ ਹਨ। ਯੋਗ ਨਾਗਰਿਕ 12 ਸਤੰਬਰ ਤੱਕ ਲੋੜੀਂਦੇ ਦਸਤਾਵੇਜ਼ਾਂ ਸਮੇਤ ਸਬੰਧਤ ਬੀਐਲਓ ਕੋਲ ਫਾਰਮ ਜਮ੍ਹਾਂ ਕਰਵਾ ਸਕਦੇ ਹਨ। ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ ਤੱਕ ਕੀਤਾ ਜਾਵੇਗਾ, ਜਦਕਿ ਅੰਤਿਮ ਵੋਟਰ ਸੂਚੀ 12 ਅਕਤੂਬਰ ਨੂੰ ਪ੍ਰਕਾਸ਼ਿਤ ਹੋਵੇਗੀ। ਵਿਨੈ ਬੁਬਲਾਨੀ ਨੇ ਦੱਸਿਆ ਕਿ ਨੋਟਿਸ ਪੜਾਅ ਦੌਰਾਨ 84,347 ਵੋਟਰ ਮੈਪਿੰਗ ਤੋਂ ਵਾਂਝੇ ਰਹੇ, ਜਦਕਿ 1,95,078 ਵੋਟਰਾਂ ਸਬੰਧੀ ਕੁਝ ਕਮੀਆਂ ਪਾਈਆਂ ਗਈਆਂ ਹਨ। ਇਨ੍ਹਾਂ ਸਬੰਧੀ ਕੁੱਲ 2,79,425 ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਸਮੂਹ ਈਆਰਓਜ਼ ਨੂੰ ਬੀਐਲਓਜ਼ ਅਤੇ ਸੁਪਰਵਾਈਜ਼ਰੀ ਅਧਿਕਾਰੀਆਂ ਨੂੰ ਲੋੜੀਂਦੀ ਸਿਖਲਾਈ ਦੇਣ ਅਤੇ ਨਵੀਆਂ ਤੇ ਕੱਟੀਆਂ ਵੋਟਾਂ ਦੀ ਪ੍ਰਤੀਸ਼ਤਤਾ ’ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਡਾ. ਹਿਮਾਂਸ਼ੂ ਅਗਰਵਾਲ ਨੇ ਰੋਲ ਆਬਜ਼ਰਵਰ ਨੂੰ ਜ਼ਿਲ੍ਹੇ ਵਿਚ ਚੱਲ ਰਹੀ ਐਸਆਈਆਰ ਪ੍ਰਕਿਰਿਆ ਦੀ ਜਾਣਕਾਰੀ ਦਿੱਤੀ।