ਸਰਪੰਚ ਦੇ ਹੱਕ ’ਚ ਨਿੱਤਰੇ ਪਿੰਡ ਵਾਸੀ, ਪਰਚਾ ਰੱਦ ਨਾ ਹੋਇਆ ਤਾਂ ਲਾਵਾਂਗੇ ਧਰਨਾ ਸਰਪੰਚ ਦੇ ਹੱਕ ’ਚ ਨਿੱਤਰੇ ਪਿੰਡ ਵਾਸੀ, ਪਰਚਾ ਰੱਦ ਨਾ ਹੋਇਆ ਤਾਂ ਲਾਵਾਂਗੇ ਧਰਨਾ
Publish Date: Wed, 30 Sep 2026 05:06 PM (IST)
Updated Date: Thu, 01 Oct 2026 04:01 AM (IST)
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਪਿੰਡ ਕਨੋਈ ਦੇ ਨੌਜਵਾਨ ਸਨਮਦੀਪ ਸਿੰਘ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪਿੰਡ ਦੇ ਸਰਪੰਚ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਪੁਲਿਸ ਵੱਲੋਂ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਪਿੰਡ ਵਾਸੀ ਸਰਪੰਚ ਦੇ ਹੱਕ ਵਿੱਚ ਉਤਰ ਆਏ। ਪਿੰਡ ਕਨੋਈ ਦੇ ਪੰਚਾਇਤ ਘਰ ਵਿੱਚ ਪੰਚਾਇਤ ਤੇ ਪਿੰਡ ਵਾਸੀਆਂ ਨੇ ਵੱਡੀ ਮੀਟਿੰਗ ਕਰ ਕੇ ਐਲਾਨ ਕੀਤਾ ਕਿ ਜੇਕਰ ਸਰਪੰਚ ਤੇ ਬਾਕੀ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਕੇਸ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਐੱਸਐੱਸਪੀ ਦਫ਼ਤਰ ਅੱਗੇ ਧਰਨਾ ਲਾਉਣ ਲਈ ਮਜਬੂਰ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਇਸ ਮਾਮਲੇ ਦੀ ਨਿਰਪੱਖ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਪਿੰਡ ਦੇ ਪੰਚ ਅਮਰਿੰਦਰ ਸਿੰਘ ਨੇ ਕਿਹਾ ਕਿ ਪਿੰਡ ਦੇ ਨੌਜਵਾਨ ਸਨਮਦੀਪ ਸਿੰਘ ਦਾ ਪਿਛਲੇ ਕੁਝ ਦਿਨਾਂ ਤੋਂ ਆਪਣੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਇਸ ਝਗੜੇ ਕਾਰਨ ਸਨਮਦੀਪ ਸਿੰਘ ਨੇ ਪਹਿਲਾਂ ਰੇਲਵੇ ਪਟੜੀ ’ਤੇ ਜਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿੱਥੋਂ ਕੁਝ ਲੋਕਾਂ ਨੇ ਉਸ ਨੂੰ ਬਚਾ ਲਿਆ। ਇਸ ਤੋਂ ਬਾਅਦ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਤੋਂ ਬਾਅਦ ਪਰਿਵਾਰ ਨੇ ਪਿੰਡ ਦੇ ਸਰਪੰਚ ਸਮੇਤ ਚਾਰ ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਫਸਾਉਣ ਲਈ ਝੂਠੇ ਦੋਸ਼ ਲਾਏ। ਪਿੰਡ ਵਾਸੀ ਰਘੁਵੀਰ ਸਿੰਘ ਕਨੋਈ, ਜਰਨੈਲ ਸਿੰਘ ਕਨੋਈ, ਕੁਲਵਿੰਦਰ ਸਿੰਘ ਫੌਜੀ ਤੁੰਗਾ, ਗੁਰਮੀਤ ਕੌਰ ਅਤੇ ਸੁਖਦੀਪ ਕੌਰ ਨੇ ਕਿਹਾ ਕਿ ਮ੍ਰਿਤਕ ਸਨਮਦੀਪ ਸਿੰਘ ਦਾ ਪਰਿਵਾਰ ਕੁਝ ਵਿਰੋਧੀ ਧਿਰਾਂ ਦੇ ਸਿਆਸੀ ਆਗੂਆਂ ਦੇ ਹੱਥਾਂ ਦੀ ਕਠਪੁਤਲੀ ਬਣਿਆ ਹੋਇਆ ਹੈ ਅਤੇ ਪਰਿਵਾਰ ਵੱਲੋਂ ਪਿੰਡ ਦੇ ਸਰਪੰਚ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਝੂਠੇ ਦੋਸ਼ ਲਾ ਕੇ ਕੇਸ ਦਰਜ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਦਾ ਆਪਣੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਸਾਰਾ ਪਿੰਡ ਸਰਪੰਚ ਦੇ ਨਾਲ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਦੇ ਸਰਪੰਚ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਦਰਜ ਕੀਤਾ ਕੇਸ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੂਰਾ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਪੰਚਾਇਤਾਂ ਮਿਲ ਕੇ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਘਿਨੌਣੀ ਰਾਜਨੀਤੀ ਕਰਨ ਵਾਲੇ ਆਗੂਆਂ ਦੇ ਘਰਾਂ ਦਾ ਘਿਰਾਓ ਕਰਨ ਤੋਂ ਵੀ ਪਿੰਡ ਵਾਸੀ ਪਿੱਛੇ ਨਹੀਂ ਹਟਣਗੇ।