ਪੰਜਾਬ ਕਾਂਗਰਸ ਪ੍ਰਧਾਨਗੀ ਦੀ ਚਰਚਾ 'ਤੇ ਵਿਜੇਂਦਰ ਸਿੰਗਲਾ ਦਾ ਵੱਡਾ ਬਿਆਨ, ਕਿਹਾ- 'ਹਾਈਕਮਾਂਡ ਦਾ ਹਰ ਫ਼ੈਸਲਾ ਸਿਰ ਮੱਥੇ' ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੀ ਕਮਾਨ ਬਦਲਣ ਨੂੰ ਲੈ ਕੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਚੱਲ ਰਹੀਆਂ ਤੇਜ਼ ਅਫਵਾਹਾਂ ਅਤੇ ਚਰਚਾਵਾਂ ਦਰਮਿਆਨ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਪ੍ਰਧਾਨਗੀ ਬਦਲਣ ਦੀਆਂ ਖਬਰਾਂ ਤੋਂ ਅਣਜਾਣਤਾ ਪ੍ਰਗਟਾਉਂਦਿਆਂ ਸਪੱਸ਼ਟ ਕੀਤਾ ਕਿ ਪਾਰਟੀ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ਇਸ ਸਬੰਧੀ ਕੋਈ ਸੁਨੇਹਾ ਜਾਂ ਸੰਕੇਤ ਨਹੀਂ ਮਿਲਿਆ ਹੈ।
Publish Date: Thu, 01 Oct 2026 12:24 PM (IST)
Updated Date: Thu, 01 Oct 2026 12:25 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੀ ਕਮਾਨ ਬਦਲਣ ਨੂੰ ਲੈ ਕੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਚੱਲ ਰਹੀਆਂ ਤੇਜ਼ ਅਫਵਾਹਾਂ ਅਤੇ ਚਰਚਾਵਾਂ ਦਰਮਿਆਨ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਪ੍ਰਧਾਨਗੀ ਬਦਲਣ ਦੀਆਂ ਖਬਰਾਂ ਤੋਂ ਅਣਜਾਣਤਾ ਪ੍ਰਗਟਾਉਂਦਿਆਂ ਸਪੱਸ਼ਟ ਕੀਤਾ ਕਿ ਪਾਰਟੀ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ਇਸ ਸਬੰਧੀ ਕੋਈ ਸੁਨੇਹਾ ਜਾਂ ਸੰਕੇਤ ਨਹੀਂ ਮਿਲਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਅਗਵਾਈ ਵਿੱਚ ਕਿਸੇ ਕਿਸਮ ਦੇ ਬਦਲਾਅ ਬਾਰੇ ਉਨ੍ਹਾਂ ਕੋਲ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਉਨ੍ਹਾਂ ਆਪਣੇ ਆਪ ਨੂੰ ਪਾਰਟੀ ਦਾ ਇੱਕ ਆਮ ਅਤੇ ਵਫ਼ਾਦਾਰ ਸਿਪਾਹੀ ਦੱਸਦਿਆਂ ਕਿਹਾ, "ਮੈਂ ਕਾਂਗਰਸ ਦਾ ਇੱਕ ਛੋਟਾ ਜਿਹਾ ਵਰਕਰ ਹਾਂ। ਮੇਰਾ ਮੁੱਖ ਮਕਸਦ ਸੂਬੇ ਵਿੱਚ ਪਾਰਟੀ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨਾ ਹੈ ਅਤੇ ਮੈਂ ਮੌਜੂਦਾ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹਾਂ।" ਜਦੋਂ ਉਨ੍ਹਾਂ ਕੋਲੋਂ ਭਵਿੱਖ ਵਿੱਚ ਨਵੀਂ ਜ਼ਿੰਮੇਵਾਰੀ ਮਿਲਣ ਬਾਰੇ ਪੁੱਛਿਆ ਗਿਆ ਤਾਂ ਸਿੰਗਲਾ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਕਾਂਗਰਸ ਪਾਰਟੀ ਉਨ੍ਹਾਂ ਦੀ ਮਾਂ ਸਮਾਨ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਜਾਂ ਡਿਊਟੀ ਸੌਂਪੀ ਜਾਵੇਗੀ, ਉਹ ਉਸ ਨੂੰ ਪੂਰੀ ਲਗਨ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
ਸਿੰਗਲਾ ਦੇ ਇਸ ਬਿਆਨ ਨੇ ਇੱਕ ਪਾਸੇ ਜਿੱਥੇ ਫਿਲਹਾਲ ਪ੍ਰਧਾਨਗੀ ਦੇ ਬਦਲਾਅ ਦੀਆਂ ਅਟਕਲਾਂ ਨੂੰ ਠੱਲ੍ਹ ਪਾਈ ਹੈ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਵੱਲੋਂ ਹਾਈਕਮਾਂਡ ਦੇ ਹਰ ਫੈਸਲੇ ਦਾ ਸਤਿਕਾਰ ਕਰਨ ਦੀ ਗੱਲ ਕਹਿ ਕੇ ਆਪਣੇ ਸਿਆਸੀ ਬਦਲ ਵੀ ਖੁੱਲ੍ਹੇ ਰੱਖੇ ਹਨ।