ਵਿਜੇ ਚੁੱਘ ਨੌਂਵੀ ਵਾਰ ਸ਼੍ਰੀ ਕੇਦਾਰਨਾਥ ਧਾਮ ਲੰਗਰ ਕਮੇਟੀ ਦੇ ਪ੍ਰਧਾਨ ਬਣੇ
ਵਿਜੇ ਚੁੱਘ ਨੌਂਵੀ ਵਾਰ ਸ਼੍ਰੀ ਕੇਦਾਰਨਾਥ ਧਾਮ ਲੰਗਰ ਕਮੇਟੀ ਦੇ ਪ੍ਰਧਾਨ ਬਣੇ
Publish Date: Fri, 27 Mar 2026 05:08 PM (IST)
Updated Date: Fri, 27 Mar 2026 05:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਸਨਾਤਨ ਧਰਮ ਵਿਚ ਵਿਸ਼ੇਸ਼ ਮਹੱਤਵ ਰੱਖਣ ਵਾਲੇ ਤੀਰਥ ਸਥਾਨ ਅਸਥਾਨ ਸ਼੍ਰੀ ਕੇਦਾਰਨਾਥ ਧਾਮ (ਉੱਤਰਾਖੰਡ) ਦੇ ਕਪਾਟ ਖੁਲ੍ਹਣ ਦੀ ਤਾਰੀਖ ਤੈਅ ਹੋਣ ਨਾਲ ਹੀ ਸ਼੍ਰੀ ਕੇਦਾਰਨਾਥ ਧਾਮ ’ਚ ਲੰਗਰ ਲਗਾਉਣ ਵਾਲੀ ਦੇਸ਼ ਦੀ ਇਕਲੌਤੀ ਸੰਸਥਾ ਸ਼੍ਰੀ ਬਰਫਾਨੀ ਹਰ ਹਰ ਮਹਾਦੇਵ ਸੇਵਾ ਦਲ ਨੇ ਵੀ ਉੱਥੇ 12ਵੇਂ ਵਿਸ਼ਾਲ ਭੰਡਾਰੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧੀ ਸੰਸਥਾ ਦੀ ਇੱਕ ਮੀਟਿੰਗ ਕਮੇਟੀ ਦੇ ਰਾਸ਼ਟਰੀ ਪ੍ਰਮੁੱਖ ਜਨਕ ਰਾਜ ਬਾਂਸਲ ਦੀ ਅਗਵਾਈ ਵਿੱਚ ਦਲ ਦੇ ਰਾਸ਼ਟਰੀ ਦਫ਼ਤਰ ਬੁਢਲਾਡਾ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਪਟਿਆਲਾ ਦੇ ਪ੍ਰਸਿੱਧ ਸਮਾਜ ਸੇਵੀ ਵਿਜੇ ਚੁੱਘ ਨੂੰ ਪਟਿਆਲਾ ਸ਼ਾਖਾ ਦਾ ਲਗਾਤਾਰ ਨੌਂਵੀ ਵਾਰ ਪ੍ਰਧਾਨ ਅਤੇ ਪੰਜਵੀਂ ਵਾਰ ਰਾਸ਼ਟਰੀ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਦੀ ਘੋਸ਼ਣਾ ਕਰਦੇ ਹੋਏ ਦਲ ਦੇ ਰਾਸ਼ਟਰੀ ਪ੍ਰਮੁੱਖ ਜਨਕ ਰਾਜ ਬਾਂਸਲ ਨੇ ਦੱਸਿਆ ਕਿ ਪਿਛਲੇ ਹਫ਼ਤੇ ਚੋਣ ਕਮੇਟੀ ਨੇ ਵਿਜੇ ਚੁੱਘ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸਮਾਜ ਸੇਵਾ, ਖੂਨਦਾਨ ਕੈਂਪਾਂ ਦਾ ਆਯੋਜਨ, ਧਾਰਮਿਕ ਯਾਤਰਾਵਾਂ ਦਾ ਪ੍ਰਬੰਧ ਅਤੇ ਸ਼੍ਰੀ ਕੇਦਾਰਨਾਥ ਧਾਮ ’ਚ ਲੱਗਣ ਵਾਲੇ ਭੰਡਾਰੇ ਵਿੱਚ ਪਿਛਲੇ ਅੱਠ ਸਾਲਾਂ ਤੋਂ ਦਿੱਤੇ ਜਾ ਰਹੇ ਯੋਗਦਾਨ ਅਤੇ ਸਾਲ 2004 ਤੋਂ 2009 ਤੱਕ ਸ਼੍ਰੀ ਅਮਰਨਾਥ ਲੰਗਰ ’ਚ ਨਿਭਾਈ ਗਈ ਸਰਾਹਣਯੋਗ ਭੂਮਿਕਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦੁਬਾਰਾ ਇਹ ਜ਼ਿੰਮੇਵਾਰੀ ਸੌਂਪਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਵਿਜੇ ਚੁੱਘ ਨੇ ਦਲ ਦੇ ਰਾਸ਼ਟਰੀ ਪ੍ਰਮੁੱਖ ਜਨਕ ਰਾਜ ਬਾਂਸਲ ਨੂੰ ਭਰੋਸਾ ਦਿਵਾਇਆ ਕਿ ਉਹ ਪੂਰੀ ਨਿਭੇੜ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਜ਼ਿਕਰਯੋਗ ਹੈ ਕਿ ਵਿਜੇ ਚੁੱਘ ਪਿਛਲੇ ਲਗਭਗ 19 ਸਾਲਾਂ ਤੋਂ ਸਤਯਮ ਸੇਵਾ ਸਮਿਤੀ (ਰਜਿ.) ਪੰਜਾਬ ਦੇ ਰਾਸ਼ਟਰੀ ਪ੍ਰਮੁੱਖ ਵਜੋਂ ਸਮਾਜ ਸੇਵਾ ਕਰ ਰਹੇ ਹਨ।