- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਵਾਰਸ ਪੰਜਾਬ ਵੱਲੋਂ ਪਟਿਆਲਾ ਵਿਚ ਸਰਗਰਮੀਆਂ ਤੇਜ਼

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਪਟਿਆਲਾ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਜਸਵਿੰਦਰ ਸਿੰਘ ਡਰੌਲੀ ਨੇ ਕਿਹਾ ਕਿ ਜ਼ਿਲ੍ਹੇ ਦੇ ਹਰ ਇਕ ਵਿਧਾਨ ਸਭਾ ਹਲਕੇ ਵਿਚ ਉਮੀਦਵਾਰਾਂ ਦੀ ਖੋਜ ਸ਼ੁਰੂ ਕੀਤੀ ਗਈ ਹੈ, ਵਾਰਿਸ ਪੰਜਾਬ ਵੱਲੋਂ ਇਮਾਨਦਾਰ ਤੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਖੜ੍ਹਾ ਕੀਤਾ ਜਾਵੇਗਾ ਤਾਂ ਕਿ ਸਿਆਸਤ ਵਿਚ ਆ ਚੁੱਕੇ ਨਿਘਾਰ ਨੂੰ ਠੱਲ੍ਹ ਪਾਈ ਜਾ ਸਕੇ। ਇਸ ਵੇਲੇ ਪ੍ਰਧਾਨ ਡਰੌਲੀ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਤੇ ਤੇਜਿੰਦਰ ਸਿੰਘ ਤੇਜ਼ੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿਚ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਲਈ ਪੂਰੀ ਜਥੇਬੰਦੀ ਸਰਗਰਮੀ ਨਾਲ ਮਿਹਨਤ ਕਰ ਰਹੀ ਹੈ। ਇਸੇ ਲੜੀ ਦੇ ਤਹਿਤ 8 ਅਕਤੂਬਰ ਨੂੰ ਪਟਿਆਲਾ ਦਿਹਾਤੀ ਦੀ ਰੈਲੀ ਯੂ ਕੇ ਪੈਲੇਸ ਭਾਦਸੋਂ ਰੋਡ ਪਟਿਆਲਾ ਵਿਖੇ ਹੋ ਰਹੀ ਹੈ। ਪ੍ਰਧਾਨ ਡਰੌਲੀ ਤੇ ਟੌਹੜਾ ਨੇ ਕਿਹਾ ਕਿ ਇਸ ਰੈਲੀ ਵਿਚ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਐਮਪੀ ਸਰਬਜੀਤ ਸਿੰਘ ਖ਼ਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਇਕਬਾਲ ਸਿੰਘ ਝੂੰਦਾ ਤੇ ਹੋਰ ਸੀਨੀਅਰ ਲੀਡਰਸ਼ਿਪ ਪੁੱਜੇਗੀ। ਇਸ ਵੇਲੇ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਰੈਲੀ ਪ੍ਰਤੀ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ। ਇਸ ਮੌਕੇ ਤੇਜਿੰਦਰ ਸਿੰਘ ਤੇਜ਼ੀ, ਗੁਰਪ੍ਰੀਤ ਸਿੰਘ ਬਾਰਨ, ਜਗਤਾਰ ਸਿੰਘ ਮਾਜਰੀ, ਐਡਵੋਕੇਟ ਲਖਵਿੰਦਰ ਸਿੰਘ ਇਛੇਵਾਲ, ਅਮਰੀਕ ਸਿੰਘ ਸਾਬਕਾ ਸਰਪੰਚ ਅਜਨੋਦਾ, ਜਥੇ. ਜੋਗਿੰਦਰ ਸਿੰਘ ਲੌਟ ਆਦਿ ਵੀ ਹਾਜ਼ਰ ਸਨ।