- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਚ.ਪੀ.ਵੀ. ਟੀਕਾਕਰਨ ਮੁਹਿੰਮ ਤਹਿਤ 3,594 ਲਾਭਪਾਤਰੀਆਂ ਦਾ ਟੀਕਾਕਰਨ ਮੁਕੰਮਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਬੱਚੇਦਾਨੀ ਦੇ ਮੂੰਹ ਦੇ ਕੈਂਸਰ (ਸਰਵਾਈਕਲ ਕੈਂਸਰ) ਦੀ ਰੋਕਥਾਮ ਤੇ ਕਿਸ਼ੋਰ ਲੜਕੀਆਂ ਦੀ ਸਿਹਤ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਦਿਆਂ, ਜ਼ਿਲ੍ਹਾ ਸਿਹਤ ਵਿਭਾਗ ਪਟਿਆਲਾ ਵੱਲੋਂ ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਦੇ ਨਿਰਦੇਸ਼ਾਂ ਤਹਿਤ ਚੱਲ ਰਹੀ ਰਾਸ਼ਟਰੀ ਐੱਚ.ਪੀ.ਵੀ. ਟੀਕਾਕਰਨ ਮੁਹਿੰਮ ਤਹਿਤ ਜ਼ਿਲ੍ਹੇ ਦੀਆਂ 42 ਨਿਰਧਾਰਤ ਸਰਕਾਰੀ ਸਿਹਤ ਸੰਸਥਾਵਾਂ ਵਿਖੇ 3,594 ਯੋਗ ਲਾਭਪਾਤਰੀਆਂ ਦਾ ਸਫਲਤਾਪੂਰਵਕ ਟੀਕਾਕਰਨ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਨੇ ਕਿਹਾ ਕਿ 14 ਸਾਲ ਦੀਆਂ ਲੜਕੀਆਂ ਨੂੰ ਹਿਊਮਨ ਪੈਪੀਲੋਮਾਵਾਇਰਸ ਜੋ ਕਿ ਸਰਵਾਈਕਲ ਕੈਂਸਰ ਦਾ ਮੁੱਖ ਕਾਰਨ ਹੈ, ਤੋਂ ਬਚਾਉਣ ਲਈ ਇਹ ਰਾਸ਼ਟਰੀ ਮੁਹਿੰਮ ਫਰਵਰੀ 2026 ਵਿੱਚ ਸ਼ੁਰੂ ਕੀਤੀ ਗਈ ਸੀ। ਟੀਕਾਕਰਨ ਸਬੰਧੀ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕੁਸ਼ਲਦੀਪ ਗਿੱਲ ਨੇ 14 ਸਾਲ ਦੀਆਂ ਸਾਰੀਆਂ ਯੋਗ ਲੜਕੀਆਂ (ਜੋ 14 ਸਾਲ ਪੂਰੇ ਕਰ ਚੁੱਕੀਆਂ ਹਨ ਅਤੇ ਅਜੇ 15 ਸਾਲ ਦੀਆਂ ਨਹੀਂ ਹੋਈਆਂ) ਦੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਤੇ ਇਸ ਮੁਫ਼ਤ ਬਚਾਅ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਉਣ।ਉਨ੍ਹਾਂ ਨੇ ਕਿਹਾ ਕਿ ਸਮੇਂ ਸਿਰ ਲਗਾਇਆ ਗਿਆ ਇਹ ਟੀਕਾ ਸਰਵਾਈਕਲ ਕੈਂਸਰ ਵਰਗੀ ਗੰਭੀਰ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਧੀਆਂ ਦੇ ਸਿਹਤਮੰਦ ਭਵਿੱਖ ਦੀ ਉਸਾਰੀ ਵੱਲ ਇੱਕ ਵਿਗਿਆਨਕ ਤੌਰ ’ਤੇ ਪ੍ਰਮਾਣਿਤ ਅਤੇ ਅਹਿਮ ਕਦਮ ਹੈ।ਮਾਪੇ ਆਪਣੀਆਂ ਬੇਟੀਆਂ ਦੀ ਰਜਿਸਟ੍ਰੇ਼ਸਨ ਅਤੇ ਅਪਾਇੰਟਮੈਂਟ ਬੁਕਿੰਗ ਪੋਰਟਲ ਰਾਹੀਂ ਆਨਲਾਈਨ ਕਰ ਸਕਦੇ ਹਨ ਜਾਂ ਨਿਯਮਤ ਟੀਕਾਕਰਨ ਸੈਸ਼ਨਾਂ ਦੌਰਾਨ ਆਪਣੀ ਨਜ਼ਦੀਕੀ ਨਿਰਧਾਰਤ ਸਰਕਾਰੀ ਸਿਹਤ ਸੰਸਥਾ ਵਿਖੇ ਜਾ ਕੇ ਟੀਕਾ ਲਗਵਾ ਸਕਦੇ ਹਨ।