- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਨਸ਼ੇ ਦੀ ਕਥਿਤ ਵਰਤੋਂ ਨਾਲ ਜੁੜੀ ਸਮੱਗਰੀ ਦੀ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਇੱਕ ਸੀਆਰਪੀ ਜਵਾਨ ਨੇ ਹਸਪਤਾਲ ਦੇ ਮੁੱਖ ਗੇਟ ਦੇ ਬਾਹਰ ਧਰਨਾ ਦਿੱਤਾ। ਜਵਾਨ ਅਤੇ ਉਸ ਦੀ ਪਤਨੀ ਨੇ ਡੀਐੱਸਪੀ ਸੰਜੀਵ ਸਿੰਗਲਾ ’ਤੇ ਕੁੱਟਮਾਰ ਕਰਨ, ਪੱਗ ਲਾਹੁਣ ਅਤੇ ਮੋਬਾਈਲ ਫ਼ੋਨ ਖੋਹਣ ਦੇ ਦੋਸ਼ ਲਾਏ ਹਨ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ- ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਨਸ਼ੇ ਦੀ ਕਥਿਤ ਵਰਤੋਂ ਨਾਲ ਜੁੜੀ ਸਮੱਗਰੀ ਦੀ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਇੱਕ ਸੀਆਰਪੀ ਜਵਾਨ ਨੇ ਹਸਪਤਾਲ ਦੇ ਮੁੱਖ ਗੇਟ ਦੇ ਬਾਹਰ ਧਰਨਾ ਦਿੱਤਾ। ਜਵਾਨ ਅਤੇ ਉਸ ਦੀ ਪਤਨੀ ਨੇ ਡੀਐੱਸਪੀ ਸੰਜੀਵ ਸਿੰਗਲਾ ’ਤੇ ਕੁੱਟਮਾਰ ਕਰਨ, ਪੱਗ ਲਾਹੁਣ ਅਤੇ ਮੋਬਾਈਲ ਫ਼ੋਨ ਖੋਹਣ ਦੇ ਦੋਸ਼ ਲਾਏ ਹਨ। ਦੂਜੇ ਪਾਸੇ, ਪੁਲਿਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਮਾਮਲੇ ਨੂੰ ਲੈ ਕੇ ਜਵਾਨ ਦੀ ਡੀਆਈਜੀ ਪਟਿਆਲਾ ਰੇਂਜ ਨਾਲ ਗੱਲਬਾਤ ਜਾਰੀ ਹੈ।
ਜਾਣਕਾਰੀ ਅਨੁਸਾਰ, ਫੌਜੀ ਜਵਾਨ ਬਿਹਾਰ ਵਿੱਚ ਤਾਇਨਾਤ ਹੈ ਅਤੇ ਛੁੱਟੀ ਲੈ ਕੇ ਪਟਿਆਲਾ ਵਿੱਚ ਆਪਣਾ ਇਲਾਜ ਕਰਵਾਉਣ ਆਇਆ ਸੀ। ਉਹ ਪਿਛਲੇ ਪੰਜ ਦਿਨਾਂ ਤੋਂ ਰਾਜਿੰਦਰਾ ਹਸਪਤਾਲ ਦੇ ਵਾਰਡ ਨੰਬਰ 18 ਵਿੱਚ ਦਾਖ਼ਲ ਸੀ। ਉਸ ਦੀ ਪਤਨੀ ਦਾ ਦੋਸ਼ ਹੈ ਕਿ ਹਸਪਤਾਲ ਵਿੱਚ ਨਸ਼ੇ ਦੀ ਕਥਿਤ ਵਰਤੋਂ ਨਾਲ ਸਬੰਧਤ ਲਿਫ਼ਾਫ਼ੀਆਂ, ਸਰਿੰਜਾਂ ਅਤੇ ਲਾਈਟਰ ਮਿਲਣ ’ਤੇ ਵੀਡੀਓ ਬਣਾਈ ਸੀ।
ਫੌਜੀ ਦੀ ਪਤਨੀ ਚਰਨਜੀਤ ਕੌਰ ਅਨੁਸਾਰ, ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਬਾਹਰ ਬੈਠੇ ਸਨ। ਇਸੇ ਦੌਰਾਨ ਸਾਦੇ ਕੱਪੜਿਆਂ ਵਿੱਚ ਪਹੁੰਚੇ ਡੀਐੱਸਪੀ ਸੰਜੀਵ ਸਿੰਗਲਾ ਨੇ ਉਸ ਦੇ ਪਤੀ ਨੂੰ ਥੱਪੜ ਮਾਰਿਆ ਅਤੇ ਉਸ ਦੀ ਪੱਗ ਲਾਹ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਪੁਲਿਸ ਮੁਲਾਜ਼ਮ ਨੇ ਜਵਾਨ ਦਾ ਮੋਬਾਈਲ ਫ਼ੋਨ ਵੀ ਖੋਹ ਲਿਆ। ਇਸ ਤੋਂ ਬਾਅਦ ਜਵਾਨ ਹਸਪਤਾਲ ਦੇ ਮੁੱਖ ਗੇਟ ਦੇ ਬਾਹਰ ਧਰਨੇ ’ਤੇ ਬੈਠ ਗਿਆ।
ਡਾਕਟਰਾਂ ਵੱਲੋਂ ਸ਼ਿਕਾਇਤ ਮਿਲਣ ਦੀ ਕਹੀ ਗੱਲ
ਰਾਜਿੰਦਰਾ ਹਸਪਤਾਲ ਪੁਲਿਸ ਚੌਕੀ ਦੇ ਇੰਚਾਰਜ ਕਰਨੈਲ ਸਿੰਘ ਨੇ ਫੌਜੀ ਜਵਾਨ ਅਤੇ ਉਸ ਦੀ ਪਤਨੀ ਵੱਲੋਂ ਲਾਏ ਗਏ ਕੁੱਟਮਾਰ ਅਤੇ ਮੋਬਾਈਲ ਖੋਹਣ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਮੁਤਾਬਕ, ਹਸਪਤਾਲ ਦੇ ਡਾਕਟਰਾਂ ਨੇ ਜਵਾਨ ਦੇ ਵਿਹਾਰ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ।
ਫ਼ਿਲਹਾਲ, ਜਵਾਨ ਅਤੇ ਪੁਲਿਸ ਵੱਲੋਂ ਮਾਮਲੇ ਨੂੰ ਲੈ ਕੇ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਫੌਜੀ ਦੀ ਡੀਆਈਜੀ ਪਟਿਆਲਾ ਰੇਂਜ ਨਾਲ ਗੱਲਬਾਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮਾਮਲੇ ਵਿੱਚ ਅਧਿਕਾਰੀਆਂ ਵੱਲੋਂ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ, ਇਸ ’ਤੇ ਨਜ਼ਰ ਬਣੀ ਹੋਈ ਹੈ।