- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਮੌਸਮੀ ਬਾਰਿਸ਼ ਨੇ ਝੋਨੇ ਦੀ ਫਸਲ ’ਤੇ ਢਾਹਿਆ ਕਹਿਰ

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਦੇਵੀਗਡ਼੍ਹ ਤੇ ਆਸ ਪਾਸ ਦੇ ਇਲਾਕੇ ਵਿਚ ਅੱਜ ਹੋਈ ਬੇਮੌਸਮੀ ਬਾਰਿਸ਼ ਤੇ ਤੇਜ਼ ਹਵਾਵਾਂ ਨੇ ਝੋਨੇ ਦੀ ਵਾਢੀ ਤੇ ਖ਼ਰੀਦ ਦੇ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਅਨਾਜ ਮੰਡੀਆਂ ਵਿਚ ਪਏ ਲੱਖਾਂ ਮੀਟਰਕ ਟਨ ਝੋਨੇ ਦੀ ਫਸਲ ਬੁਰੀ ਤਰ੍ਹਾਂ ਭਿੱਜ ਗਈ ਹੈ। ਐਤਵਾਰ ਚਡ਼੍ਹਦੇ ਹੀ ਸਵੇਰ ਕਾਲੀਆਂ ਘਟਾਵਾਂ, ਤੇਜ਼ ਹਵਾਵਾਂ ਮੀਂਹ ਲੈ ਕੇ ਆਈਆਂ। ਅੱਜ ਹੋਈ ਬੇਮੌਸਮੀ ਬਰਸਾਤ ਨੇ ਦੇਵੀਗਡ਼੍ਹ ਤੇ ਆਸ-ਪਾਸ ਦੇ ਖੇਤਰਾਂ ਦੀਆਂ ਮੰਡੀਆਂ ਵਿਚ ਪਿਆ ਝੋਨਾ ਭਿੱਜਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਸੰਭਾਲ ਦੀ ਚਿੰਤਾ ਸਤਾਉਣ ਲੱਗੀ ਹੈ। ਭਾਰੀ ਮੀਂਹ ਕਾਰਨ ਅਨਾਜ ਮੰਡੀ ਦੇਵੀਗਡ਼੍ਹ, ਦੁਧਨਸਾਧਾਂ, ਬਲਬੇਡ਼ਾ, ਭੁਨਰਹੇਡ਼ੀ, ਮਸੀਂਗਣ ਆਦਿ ਮੰਡੀਆਂ ਵਿਚ ਭਾਰੀ ਮੀਂਹ ਕਾਰਨ ਝੋਨੇ ਦੀਆਂ ਭਰੀਆਂ ਬੋਰੀਆਂ ਭਿਜ ਗਈਆਂ ਹਨ, ਜਿਸ ਕਾਰਨ ਕਿਸਾਨਾਂ ਅਤੇ ਆਡ਼੍ਹਤੀਆਂ ਨੂੰ ਭਾਰੀ ਆਰਥਿਕ ਨੁਕਸਾਨ ਹੋਣ ਦਾ ਖਦਸ਼ਾ ਹੈ। ਕਿਸਾਨਾਂ ਨੇ ਆਪਣੇ ਦੁਖਡ਼ੇ ਸੁਣਾਉਂਦੇ ਹੋਏ ਕਿਹਾ ਕਿ ਬਾਰਿਸ਼ ਕਾਰਨ ਖੇਤਾਂ ਵਿਚ ਕਾਫੀ ਪਾਣੀ ਖਡ਼੍ਹ ਗਿਆ ਹੈ ਜਿਸ ਕਾਰਨ ਹੁਣ ਵਾਢੀ ਕਰ ਰਹੀਆਂ ਕੰਬਾਈਨਾਂ ਰੁਕ ਗਈਆਂ, ਉੱਥੇ ਹੀ ਖ਼ਰੀਦ ਪ੍ਰਬੰਧਾਂ ਦਾ ਕੰਮ ਵੀ ਇਕ ਹਫ਼ਤਾ ਪਛਡ਼ਨ ਦਾ ਖ਼ਦਸ਼ਾ ਹੈ ਕਿਉਂਕਿ ਵੱਡੀ ਪੱਧਰ ਤੇ ਝੋਨੇ ਦੀ ਪੱਕੀ ਫਸਲ ਵੱਢਣ ਲਈ ਖੇਤਾਂ ਵਿਚ ਖਡ਼੍ਹੀ ਹੈ। ਝੋਨਾ ਭਿੱਜਣ ਨਾਲ ਨਮੀਂ ਵਧਣ ਅਤੇ ਖ਼ਰੀਦ ਸਮੇਂ ਦਿੱਕਤਾਂ ਆਉਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਮੀਂਹ ਨਾਲ ਝੋਨੇ ਵਿਚ ਆਈ ਨਮੀਂ ਵਿਚ ਪੰਜਾਬ ਸਰਕਾਰ ਛੋਟ ਦੇਵੇ ਤਾਂ ਕਿ ਮੰਡੀਆਂ ਵਿਚ ਪਏ ਝੋਨੇ ਦੀ ਜਲਦੀ ਖਰੀਦ ਹੋ ਸਕੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਤਰਪਾਲਾਂ ਦੇ ਵੀ ਢੁੱਕਵੇਂ ਪ੍ਰਬੰਧ ਕੀਤੇ ਜਾਣ ਤੇ ਖ਼ਰੀਦ ਕੀਤੇ ਝੋਨੇ ਦੀ ਚੁਕਾਈ ਵਿਚ ਤੇਜ਼ੀ ਲਿਆਂਦੀ ਜਾਵੇ, ਤਾਂ ਜੋ ਕਿਸਾਨਾਂ ਨੂੰ ਮੌਸਮ ਦੀ ਮਾਰ ਦੇ ਨਾਲ ਪ੍ਰਬੰਧਕੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।