ਮਾਨਸੂਨ ਦੌਰਾਨ ਜਿੰਦਗੀ ਲਈ ਕਾਲ ਬਣ ਸਕਦੀਆਂ ਅਸੁਰੱਖਿਅਤ ਇਮਾਰਤਾਂ
ਮਾਨਸੂਨ ਦੌਰਾਨ ਜਿੰਦਗੀ ਲਈ ਕਾਲ ਬਣ ਸਕਦੀਆਂ ਅਸੁਰੱਖਿਅਤ ਇਮਾਰਤਾਂ
Publish Date: Sat, 27 Jun 2026 04:24 PM (IST)
Updated Date: Sun, 28 Jun 2026 04:02 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਮਾਨਸੂਨ ਦੀ ਆਮਦ ਤੋਂ ਪਹਿਲਾਂ ਹੀ ਸ਼ਹਿਰ ਦੇ ਕੋਨੇ-ਕੋਨੇ ਵਿੱਚ ਦਹਾਕਿਆਂ ਪੁਰਾਣੀਆਂ ਖਸਤਾ ਤੇ ਅਸੁਰੱਖਿਅਤ ਇਮਾਰਤਾਂ ਲੋਕਾਂ ਦੀ ਜ਼ਿੰਦਗੀ ਲਈ ਵੱਡਾ ਖ਼ਤਰਾ ਬਣੀਆਂ ਹੋਈਆਂ ਹਨ। ਤੇਜ਼ ਹਨੇਰੀ ਜਾਂ ਮੂਸਲਾਧਾਰ ਬਾਰਿਸ਼ ਦੌਰਾਨ ਇਹ ਇਮਾਰਤਾਂ ਕਿਸੇ ਵੀ ਸਮੇਂ ਢਹਿ ਸਕਦੀਆਂ ਹਨ, ਜਿਸ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਬੰਧਤ ਵਿਭਾਗਾਂ ਨੇ ਕਈ ਸਾਲ ਪਹਿਲਾਂ ਇਨ੍ਹਾਂ ਇਮਾਰਤਾਂ ਨੂੰ ਅਸੁਰੱਖਿਅਤ ਤਾਂ ਐਲਾਨ ਦਿੱਤੀਆਂ, ਪਰ ਉਸ ਤੋਂ ਬਾਅਦ ਇਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ। ਇਹ ਲਾਪ੍ਰਵਾਹੀ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਸ਼ਹਿਰ ਵਿੱਚ ਅਜਿਹੀਆਂ ਇੱਕ-ਦੋ ਨਹੀਂ, ਸਗੋਂ ਕਈ ਅਸੁਰੱਖਿਅਤ ਇਮਾਰਤਾਂ ਤੇ ਕੰਧਾਂ ਮੌਜੂਦ ਹਨ। ਵੱਖ-ਵੱਖ ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ ਤੇ ਪੁਰਾਣੇ ਮੁਹੱਲਿਆਂ ਵਿੱਚ ਕਈ ਇਮਾਰਤਾਂ ਦੀਆਂ ਕੰਧਾਂ ਵਿੱਚ ਤਰੇੜਾਂ ਪੈ ਚੁੱਕੀਆਂ ਹਨ। ਕਈ ਇਮਾਰਤਾਂ ਦੀਆਂ ਛੱਤਾਂ ਕਮਜ਼ੋਰ ਹੋ ਚੁੱਕੀਆਂ ਹਨ, ਜਦਕਿ ਕੁਝ ਥਾਵਾਂ ’ਤੇ ਕੰਧਾਂ ਬਾਹਰ ਵੱਲ ਝੁਕੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਇਮਾਰਤਾਂ ਦੇ ਨੇੜੇ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਦੁਕਾਨਦਾਰ, ਰਾਹਗੀਰ, ਸਕੂਲੀ ਬੱਚੇ ਅਤੇ ਸਥਾਨਕ ਵਸਨੀਕ ਰੋਜ਼ਾਨਾ ਇਨ੍ਹਾਂ ਖ਼ਤਰਨਾਕ ਢਾਂਚਿਆਂ ਦੇ ਕੋਲੋਂ ਲੰਘਦੇ ਹਨ, ਜਿਸ ਕਾਰਨ ਹਾਦਸੇ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ। ਵੱਖ-ਵੱਖ ਵਿਭਾਗ ਇੱਕ-ਦੂਜੇ ਤੇ ਜ਼ਿੰਮੇਵਾਰੀ ਸੁੱਟਣ ਵਿੱਚ ਰੁੱਝੇ ਹੋਏ ਹਨ, ਜਿਸ ਕਾਰਨ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਇਹ ਹਨ ਸ਼ਹਿਰ ਦੀਆਂ ਅਸੁਰੱਖਿਅਤ ਇਮਾਰਤਾਂ ਸੰਗਰੂਰ ਦੇ ਪਟਿਆਲਾ ਗੇਟ ਬਾਜ਼ਾਰ ਵਿੱਚ ਸਥਿਤ ਪੁਰਾਣੀਆਂ ਖੰਡਰ ਬਣੀਆਂ ਇਮਾਰਤਾਂ, ਬੰਬੇ ਵਾਲੀ ਇਮਾਰਤ ਦੀਆਂ ਛੱਜੀਆਂ, ਮੈਗਜ਼ੀਨ ਮੁਹੱਲੇ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀਈਓ) ਦਫ਼ਤਰ ਦੀ ਪੁਰਾਣੀ ਇਮਾਰਤ, ਰਣਬੀਰ ਕਾਲਜ ਪ੍ਰਿੰਸੀਪਲ ਹਾਊਸ, ਨਗਰ ਕੌਂਸਲ ਦਫ਼ਤਰ ਦੀ ਪੁਰਾਣੀ ਇਮਾਰਤ, ਰਣਬੀਰ ਕਲੱਬ ਦੇ ਖਸਤਾ ਹਾਲ ਕੁਆਰਟਰ, ਜ਼ਿਲ੍ਹਾ ਅਦਾਲਤ ਨੇੜਲੇ ਪੁਰਾਣੇ ਕੁਆਰਟਰ, ਪੁਰਾਣੀ ਮੰਡੀ ਵਾਲੀ ਗਲੀ ਦਾ ਗੇਟ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਦਫ਼ਤਰ ਦਾ ਅਗਲਾ ਹਿੱਸਾ ਖ਼ਤਰਨਾਕ ਹਾਲਤ ਵਿੱਚ ਹੈ। ਲਗਾਤਾਰ ਮੀਂਹ ਬਣ ਸਕਦਾ ਹੈ ਵੱਡਾ ਖ਼ਤਰਾ ਨਗਰ ਕੌਂਸਲ ਦੇ ਸਾਬਕਾ ਕਾਰਜਸਾਧਕ ਅਫ਼ਸਰ ਸੁਰਜੀਤ ਸਿੰਘ ਨੇ ਕਿਹਾ ਕਿ ਲਗਾਤਾਰ ਮੀਂਹ ਕਾਰਨ ਪੁਰਾਣੀਆਂ ਇਮਾਰਤਾਂ ਹੋਰ ਵੀ ਕਮਜ਼ੋਰ ਹੋ ਜਾਂਦੀਆਂ ਹਨ। ਤੇਜ਼ ਹਵਾਵਾਂ ਦਾ ਦਬਾਅ ਅਤੇ ਪਾਣੀ ਦੀ ਰਿਸਾਅ ਕੰਧਾਂ ਅਤੇ ਛੱਤਾਂ ਨੂੰ ਅਚਾਨਕ ਢਾਹ ਸਕਦਾ ਹੈ। ਜੇਕਰ ਕਿਸੇ ਰੁਝੇਵੇਂ ਵਾਲੇ ਬਾਜ਼ਾਰ ਜਾਂ ਸੜਕ ਤੇ ਅਜਿਹੀ ਇਮਾਰਤ ਡਿੱਗਦੀ ਹੈ ਤਾਂ ਕਈ ਲੋਕ ਇਸ ਦੀ ਲਪੇਟ ਵਿੱਚ ਆ ਸਕਦੇ ਹਨ। ਇਸ ਤੋਂ ਇਲਾਵਾ ਵਾਹਨਾਂ, ਦੁਕਾਨਾਂ ਅਤੇ ਹੋਰ ਜਾਇਦਾਦ ਦਾ ਵੀ ਭਾਰੀ ਨੁਕਸਾਨ ਹੋ ਸਕਦਾ ਹੈ। ਦੁਕਾਨਦਾਰਾਂ ਨੇ ਕੀਤੀ ਤੁਰੰਤ ਕਾਰਵਾਈ ਦੀ ਮੰਗ ਦੁਕਾਨਦਾਰ ਮਹੇਸ਼ ਕੁਮਾਰ, ਰਾਜ ਨਾਗਪਾਲ, ਚੇਤਨ ਸਿੰਘ, ਰਵਿੰਦਰ ਸਿੰਘ ਅਤੇ ਹਰਕੰਵਲ ਸਿੰਘ ਨੇ ਦੱਸਿਆ ਕਿ ਪਟਿਆਲਾ ਗੇਟ ਬਾਜ਼ਾਰ ਵਿੱਚ ਬਣੀ ਪਾਰਕਿੰਗ ਨੇੜੇ ਸਥਿਤ ਦਹਾਕਿਆਂ ਪੁਰਾਣੀ ਖੰਡਰ ਇਮਾਰਤ ਬਰਸਾਤ ਦੇ ਮੌਸਮ ਵਿੱਚ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਬਣੀ ਹੋਈ ਹੈ। ਇਹ ਸ਼ਹਿਰ ਦਾ ਸਭ ਤੋਂ ਰੁਝੇਵੇਂ ਵਾਲਾ ਬਾਜ਼ਾਰ ਹੈ ਅਤੇ ਇਮਾਰਤ ਦੇ ਹੇਠਾਂ ਕਈ ਰੇਹੜੀਆਂ ਲੱਗਦੀਆਂ ਹਨ। ਵੱਡੀ ਗਿਣਤੀ ਵਿੱਚ ਲੋਕ ਰੋਜ਼ਾਨਾ ਇਸ ਦੇ ਹੇਠੋਂ ਲੰਘਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਇਮਾਰਤ ਬਰਸਾਤ ਦੌਰਾਨ ਢਹਿ ਜਾਂਦੀ ਹੈ ਤਾਂ ਸਿਰਫ਼ ਮਾਲੀ ਹੀ ਨਹੀਂ, ਸਗੋਂ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੀਆਂ ਇਮਾਰਤਾਂ ਦਾ ਤੁਰੰਤ ਸਰਵੇ ਕਰਵਾ ਕੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਢਾਹਿਆ ਜਾਵੇ। ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ ਵਕੀਲ ਪਾਰੁਲ ਚਾਵਲਾ ਨੇ ਕਿਹਾ ਕਿ ਮਾਨਸੂਨ ਦੌਰਾਨ ਕੁਦਰਤੀ ਆਫ਼ਤਾਂ ਦੇ ਨਾਲ-ਨਾਲ ਅਸੁਰੱਖਿਅਤ ਇਮਾਰਤਾਂ ਡਿੱਗਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਅਜਿਹੀਆਂ ਇਮਾਰਤਾਂ ਦੀ ਅਣਦੇਖੀ ਕਰਨਾ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇਣ ਦੇ ਬਰਾਬਰ ਹੈ। ਜੇਕਰ ਸਮੇਂ ਸਿਰ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਇੱਕ ਛੋਟੀ ਜਿਹੀ ਲਾਪਰਵਾਹੀ ਕਈ ਪਰਿਵਾਰਾਂ ਲਈ ਸਾਰੀ ਉਮਰ ਦਾ ਦਰਦ ਬਣ ਸਕਦੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦੇ ਕੇ ਅਜਿਹੇ ਸੰਭਾਵੀ ਖ਼ਤਰਿਆਂ ਨੂੰ ਤੁਰੰਤ ਦੂਰ ਕੀਤਾ ਜਾਵੇ। ਜਲਦ ਚੁੱਕੇ ਜਾਣਗੇ ਲੋੜੀਂਦੇ ਕਦਮ : ਐਕਸੀਅਨ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਅਜੈ ਗਰਗ ਨੇ ਕਿਹਾ ਕਿ ਅਸੁਰੱਖਿਅਤ ਇਮਾਰਤਾਂ ਨੂੰ ਢਾਹੁਣ ਦੀ ਪ੍ਰਕਿਰਿਆ ਤੇ ਕਾਰਵਾਈ ਜਾਰੀ ਹੈ। ਵੱਖ-ਵੱਖ ਵਿਭਾਗਾਂ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਮਾਰਤਾਂ ਨੂੰ ਢਾਹਿਆ ਜਾ ਸਕਦਾ ਹੈ। ਜਿਵੇਂ-ਜਿਵੇਂ ਮਨਜ਼ੂਰੀ ਮਿਲੇਗੀ, ਉਸੇ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।