- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਂਟੀਬਾਇਓਟਿਕ ਦਵਾਈਆਂ ਦੀ ਬੇਲੋੜੀ ਵਰਤੋਂ ਮਨੁੱਖੀ ਸਿਹਤ ਲਈ ਗੰਭੀਰ ਖਤਰਾ: ਡਾ. ਸ਼ੈਲੀ ਜੇਤਲੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਵਿਸ਼ਵ ਐਂਟੀਬਾਇਓਟਿਕ ਰੈਜ਼ਿਸਟੈਂਸ ਜਾਗਰੂਕਤਾ ਹਫ਼ਤੇ ਤਹਿਤ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਨੇ ਲੋਕਾਂ ਨੂੰ ਐਂਟੀਬਾਇਓਟਿਕ ਦਵਾਈਆਂ ਦੀ ਸਹੀ ਅਤੇ ਜ਼ਿੰਮੇਵਾਰ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦਵਾਈਆਂ ਦੀ ਬੇਲੋੜੀ ਅਤੇ ਗਲਤ ਵਰਤੋਂ ਮਨੁੱਖੀ ਸਿਹਤ ਲਈ ਗੰਭੀਰ ਖਤਰਾ ਬਣਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐਂਟੀਬਾਇਓਟਿਕ ਦਵਾਈਆਂ ਦੀ ਬੇਲੋੜੀ ਵਰਤੋਂ ਕਾਰਨ ਐਂਟੀਮਾਈਕ੍ਰੋਬਾਇਲ ਰੈਜ਼ਿਸਟੈਂਸ (ਏਐਮਆਰ) ਦੀ ਸਮੱਸਿਆ ਵਧ ਰਹੀ ਹੈ। ਇਸ ਨਾਲ ਬੈਕਟੀਰੀਆ ਦਵਾਈਆਂ ਦੇ ਵਿਰੁੱਧ ਰੋਧਕ ਹੋ ਜਾਂਦੇ ਹਨ ਅਤੇ ਆਮ ਇਨਫੈਕਸ਼ਨਾਂ ਦਾ ਇਲਾਜ ਕਰਨਾ ਵੀ ਮੁਸ਼ਕਲ ਹੋ ਸਕਦਾ ਹੈ। ਡਾ. ਜੇਤਲੀ ਨੇ ਕਿਹਾ ਕਿ ਜ਼ੁਕਾਮ, ਖੰਘ ਅਤੇ ਫਲੂ ਵਰਗੀਆਂ ਵਾਇਰਲ ਬਿਮਾਰੀਆਂ ਵਿਚ ਐਂਟੀਬਾਇਓਟਿਕ ਦਵਾਈਆਂ ਅਸਰਦਾਰ ਨਹੀਂ ਹੁੰਦੀਆਂ। ਇਸ ਲਈ ਇਹ ਦਵਾਈਆਂ ਸਿਰਫ਼ ਡਾਕਟਰ ਦੀ ਸਲਾਹ ਨਾਲ ਹੀ ਲੈਣੀਆਂ ਚਾਹੀਦੀਆਂ ਹਨ। ਦਵਾਈ ਦੀ ਨਿਰਧਾਰਤ ਖੁਰਾਕ ਅਤੇ ਸਮੇਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਬਿਨਾਂ ਡਾਕਟਰੀ ਸਲਾਹ ਤੋਂ ਦਵਾਈ ਬੰਦ ਨਹੀਂ ਕਰਨੀ ਚਾਹੀਦੀ। ਉਨ੍ਹਾਂ ਲੋਕਾਂ ਨੂੰ ਹੱਥਾਂ ਦੀ ਸਫ਼ਾਈ, ਟੀਕਾਕਰਨ ਅਤੇ ਸਾਫ਼-ਸੁਥਰੇ ਭੋਜਨ ਵਰਗੇ ਉਪਾਅ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਐਂਟੀਬਾਇਓਟਿਕ ਦਵਾਈਆਂ ਦੀ ਸਹੀ ਵਰਤੋਂ ਭਵਿੱਖ ’ਚ ਮਨੁੱਖੀ ਜੀਵਨ ਬਚਾਉਣ ਲਈ ਬੇਹੱਦ ਜ਼ਰੂਰੀ ਹੈ।