ਲਿਫਟ ਦੇਣ ਦੇ ਬਹਾਨੇ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਉਸ ਦੇ ਦੋਸਤ ਨੂੰ ਅਗਵਾ ਕਰਕੇ ਲੁੱਟਿਆ, ਪੁਲਿਸ ਨੇ ਮਾਮਲਾ ਕੀਤਾ ਦਰਜ
ਉੱਥੇ ਮੁਲਜ਼ਮਾਂ ਨੇ ਨੈਤਿਕ ਵਰਮਾ ਦਾ ਆਈਫੋਨ-16 ਮੋਬਾਈਲ ਅਤੇ ਕੰਨ ਵਿੱਚ ਪਾਈ ਸੋਨੇ ਦੀ ਵਾਲੀ ਖੋਹ ਲਈ। ਇਸ ਤੋਂ ਇਲਾਵਾ ਉਸਦੇ ਦੋਸਤ ਪ੍ਰਥਮ ਸੇਤੀਆ ਕੋਲੋਂ 10 ਰੁਪਏ ਨਕਦ ਅਤੇ ਏ.ਟੀ.ਐਮ. ਕਾਰਡ ਖੋਹ ਲਿਆ, ਜਿਸ ਰਾਹੀਂ ਮੁਲਜ਼ਮਾਂ ਨੇ ਬਾਅਦ ਵਿੱਚ 2,000 ਰੁਪਏ ਕਢਵਾ ਲਏ। ਮੁਲਜ਼ਮਾਂ ਨੇ ਨੈਤਿਕ ਵਰਮਾ ਦੇ ਬੈਂਕ ਖਾਤੇ ਵਿੱਚੋਂ ਵੀ 27,000 ਰੁਪਏ ਕਢਵਾ ਲਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪੁਲਿਸ ਨੂੰ ਸੂਚਨਾ ਦੇਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਦੋਵਾਂ ਨੂੰ ਅੰਬਾਲਾ ਹਾਈਵੇਅ 'ਤੇ ਸਥਿਤ ਮਿਡਵੇ ਢਾਬੇ ਕੋਲ ਸੁੱਟ ਕੇ ਫ਼ਰਾਰ ਹੋ ਗਏ।
Publish Date: Tue, 24 Nov 2026 10:13 AM (IST)
Updated Date: Tue, 24 Nov 2026 10:17 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਬੱਸ ਸਟੈਂਡ ਦੇ ਬਾਹਰ ਵਾਹਨ ਦੀ ਉਡੀਕ ਕਰ ਰਹੇ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਉਸਦੇ ਦੋਸਤ ਨੂੰ ਕਾਰ ਵਿੱਚ ਲਿਫਟ ਦੇਣ ਦੇ ਬਹਾਨੇ ਅਗਵਾ ਕਰਕੇ ਹਥਿਆਰਾਂ ਦੀ ਨੋਕ 'ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਅਰਬਨ ਅਸਟੇਟ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਦੋ ਨਾਮਜ਼ਦ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨੈਤਿਕ ਵਰਮਾ ਵਾਸੀ ਗਿਲਕੋ ਵੈਲੀ, ਫਿਰੋਜ਼ਪੁਰ, ਜੋ ਕਿ ਥਾਪਰ ਯੂਨੀਵਰਸਿਟੀ ਪਟਿਆਲਾ ਵਿਖੇ ਪੜ੍ਹਦਾ ਹੈ ਨੇ ਦੱਸਿਆ ਕਿ ਬੀਤੀ 14 ਨਵੰਬਰ ਦੀ ਰਾਤ ਕਰੀਬ 9:15 ਵਜੇ ਉਹ ਆਪਣੇ ਦੋਸਤ ਪ੍ਰਥਮ ਸੇਤੀਆ ਵਾਸੀ ਨਿਊ ਪੰਜਾਬੀ ਬਾਗ ਪਟਿਆਲਾ ਸਮੇਤ ਬੱਸ ਸਟੈਂਡ ਦੇ ਬਾਹਰ ਖੜ੍ਹਾ ਕਿਸੇ ਵਾਹਨ ਦੀ ਉਡੀਕ ਕਰ ਰਿਹਾ ਸੀ। ਇਸੇ ਦੌਰਾਨ ਉੱਥੇ ਇੱਕ ਕਾਰ ਆ ਕੇ ਰੁਕੀ, ਜਿਸ ਵਿੱਚ ਡਰਾਈਵਰ ਸਮੇਤ ਤਿੰਨ ਵਿਅਕਤੀ ਸਵਾਰ ਸਨ। ਕਾਰ ਸਵਾਰਾਂ ਨੇ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਵੱਲ ਜਾਣ ਦਾ ਕਹਿ ਕੇ ਆਪਣੀ ਕਾਰ ਵਿੱਚ ਬਿਠਾ ਲਿਆ।
ਪੀੜਤ ਅਨੁਸਾਰ ਜਦੋਂ ਕਾਰ ਪੰਜਾਬੀ ਯੂਨੀਵਰਸਿਟੀ ਕੋਲ ਪਹੁੰਚੀ ਤਾਂ ਡਰਾਈਵਰ ਨੇ ਕਾਰ ਰੋਕਣ ਦੀ ਬਜਾਏ ਤੇਜ਼ ਰਫ਼ਤਾਰ ਨਾਲ ਭਜਾ ਲਈ। ਜਦੋਂ ਨੌਜਵਾਨਾਂ ਨੇ ਕਾਰ ਰੋਕਣ ਲਈ ਕਿਹਾ ਤਾਂ ਮੁਲਜ਼ਮਾਂ ਨੇ ਤਲਵਾਰਾਂ ਅਤੇ ਛੁਰੇ ਕੱਢ ਲਏ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਟੋਲ ਪਲਾਜ਼ਾ ਤੋਂ ਪਹਿਲਾਂ ਪਿੰਡਾਂ ਦੇ ਰਸਤੇ ਹੁੰਦੇ ਹੋਏ ਸੁੰਨਸਾਨ ਜਗ੍ਹਾ ਭਾਖੜਾ ਨਹਿਰ ਦੇ ਪੁਲ 'ਤੇ ਲੈ ਗਏ।
ਉੱਥੇ ਮੁਲਜ਼ਮਾਂ ਨੇ ਨੈਤਿਕ ਵਰਮਾ ਦਾ ਆਈਫੋਨ-16 ਮੋਬਾਈਲ ਅਤੇ ਕੰਨ ਵਿੱਚ ਪਾਈ ਸੋਨੇ ਦੀ ਵਾਲੀ ਖੋਹ ਲਈ। ਇਸ ਤੋਂ ਇਲਾਵਾ ਉਸਦੇ ਦੋਸਤ ਪ੍ਰਥਮ ਸੇਤੀਆ ਕੋਲੋਂ 10 ਰੁਪਏ ਨਕਦ ਅਤੇ ਏ.ਟੀ.ਐਮ. ਕਾਰਡ ਖੋਹ ਲਿਆ, ਜਿਸ ਰਾਹੀਂ ਮੁਲਜ਼ਮਾਂ ਨੇ ਬਾਅਦ ਵਿੱਚ 2,000 ਰੁਪਏ ਕਢਵਾ ਲਏ। ਮੁਲਜ਼ਮਾਂ ਨੇ ਨੈਤਿਕ ਵਰਮਾ ਦੇ ਬੈਂਕ ਖਾਤੇ ਵਿੱਚੋਂ ਵੀ 27,000 ਰੁਪਏ ਕਢਵਾ ਲਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪੁਲਿਸ ਨੂੰ ਸੂਚਨਾ ਦੇਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਦੋਵਾਂ ਨੂੰ ਅੰਬਾਲਾ ਹਾਈਵੇਅ 'ਤੇ ਸਥਿਤ ਮਿਡਵੇ ਢਾਬੇ ਕੋਲ ਸੁੱਟ ਕੇ ਫ਼ਰਾਰ ਹੋ ਗਏ।
ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਸਤਨਾਮ ਸਿੰਘ ਵਾਸੀ ਨਾਭਾ ਵਾਲਾ ਡੇਰਾ ਸਨੌਰ, ਕਾਰ ਡਰਾਈਵਰ ਸਤਨਾਮ ਸਿੰਘ ਵਾਸੀ ਸਿਨੇਮਾ ਕਲੋਨੀ ਸਨੌਰ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।