ਸੰਯੁਕਤ ਕਿਸਾਨ ਮੋਰਚੇ ਵੱਲੋਂ ਐੱਸਡੀਐੱਮ ਦਫ਼ਤਰ ਮੂਹਰੇ ਰੋਸ ਧਰਨਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਜਪੁਰਾ ਵਿਖੇ ਐੱਸ.ਡੀ.ਐੱਮ. ਦਫ਼ਤਰ ਮੂਹਰੇ ਰੋਸ ਧਰਨਾ; ਮੁੱਖ ਮੰਤਰੀ ਦੇ ਨਾਂ ਸੌਂਪਿਆ ਮੰਗ ਪੱਤਰ
Publish Date: Sat, 19 Sep 2026 05:41 PM (IST)
Updated Date: Sat, 19 Sep 2026 05:44 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਸੱਦੇ ਤੇ ਅੱਜ ਰਾਜਪੁਰਾ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਅਤੇ ਹੋਰ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਇਕੱਤਰ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਬਾਅਦ ਵਿਚ ਐੱਸਡੀਐੱਮ ਰਾਜਪੁਰਾ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਇਕ ਵਿਸਥਾਰਤ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ’ਚ ਕਿਸਾਨਾਂ ਨੇ ਕਰੀਬ ਅੱਠ ਅਹਿਮ ਮੰਗਾਂ ਉਭਾਰੀਆਂ, ਜਿਨ੍ਹਾਂ ਵਿਚ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਅੰਦੋਲਨ ਦੌਰਾਨ ਚੋਰੀ ਜਾਂ ਨੁਕਸਾਨੀਆਂ ਗਈਆਂ ਕਿਸਾਨਾਂ ਦੀਆਂ ਟਰਾਲੀਆਂ ਤੇ ਸਾਮਾਨ ਦੀ ਭਰਪਾਈ, ਨਸ਼ਿਆਂ ਦੀ ਰੋਕਥਾਮ, ਅੱਗੇਤੀ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਰੋਕਣਾ, ਖੰਡ ਮਿੱਲਾਂ ਵੱਲ ਗੰਨੇ ਦੇ ਬਕਾਏ ਵਿਆਜ ਸਮੇਤ ਜਾਰੀ ਕਰਨਾ, ਖੇਤੀ ਸੈਕਟਰ ਵਿੱਚ ਬਿਜਲੀ ਦੇ ਕੱਟਾਂ ਤੋਂ ਰਾਹਤ ਦੇਣਾ ਤੇ ਨਵੇਂ ਸੀਡ ਬਿੱਲ-2025 ਵਿਰੁੱਧ ਪੰਜਾਬ ਸਰਕਾਰ ਵੱਲੋਂ ਮਤਾ ਪਾਸ ਕਰਨਾ ਸ਼ਾਮਲ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ ਤੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਅਲੂਣਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ। ਆਗੂਆਂ ਨੇ ਦੱਸਿਆ ਕਿ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਸੱਦੇ ਤੇ 27 ਸਤੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਸਮੂਹ ਕਿਸਾਨ ਜਥੇਬੰਦੀਆਂ ਤੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਸੱਦੀ ਗਈ ਹੈ।