ਮੰਗਾਂ ਨਾ ਮੰਨੀਆਂ ਤਾਂ 12 ਨੂੰ ਮੁੜ ਪ੍ਰਦਰਸ਼ਨ ਕਰਨਗੇ ਬੇਰੁਜ਼ਗਾਰ
ਮੰਗਾਂ ਨਾ ਮੰਨੀਆਂ ਤਾਂ 12 ਨੂੰ ਮੁੜ ਪ੍ਰਦਰਸ਼ਨ ਕਰਨਗੇ ਬੇਰੁਜ਼ਗਾਰ
Publish Date: Thu, 26 Mar 2026 05:39 PM (IST)
Updated Date: Fri, 27 Mar 2026 04:05 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸਥਾਨਕ ਡੀਸੀ ਦਫ਼ਤਰ ਗੇਟ ਅੱਗੇ ਪਿਛਲੇ 92 ਦਿਨਾਂ ਤੋਂ ਪੱਕਾ ਮੋਰਚਾ ਲਾਈ ਬੈਠੇ ਬੇਰੁਜ਼ਗਾਰਾਂ ਨੇ 9 ਅਪ੍ਰੈਲ ਦੀ ਪੈਨਲ ਵਿੱਚ ਹੱਲ ਨਾ ਹੋਣ ਦੀ ਸੂਰਤ ਵਿਚ ਮੁੜ 12 ਅਪ੍ਰੈਲ ਨੂੰ ਤਿੱਖਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਤੇ ਹਰਜਿੰਦਰ ਸਿੰਘ ਝੁਨੀਰ ਨੇ ਕਿਹਾ ਕਿ ਪਿਛਲੇ ਦਿਨੀਂ 23 ਮਾਰਚ ਨੂੰ ਮੁੱਖ ਮੰਤਰੀ ਦੀ ਸਥਾਨਕ ਕੋਠੀ ਅੱਗੇ ਹੋਏ ਰੋਸ ਪ੍ਰਦਰਸ਼ਨ ਵਿਚ ਪ੍ਰਸ਼ਾਸਨ ਨੇ 9 ਅਪ੍ਰੈਲ ਨੂੰ ਸਿੱਖਿਆ, ਸਿਹਤ ਤੇ ਪਰਸੋਨਲ਼ ਵਿਭਾਗ ਨਾਲ ਪੈਨਲ ਮੀਟਿੰਗ ਤੈਅ ਕਰਵਾਈ ਸੀ। ਬੇਰੁਜ਼ਗਾਰਾਂ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਦਾ ਪੱਕਾ ਮੋਰਚਾ ਕਰੀਬ 3 ਮਹੀਨੇ ਤੋਂ ਜਾਰੀ ਹੈ, ਉੱਥੇ ਹੀ ਜੇਕਰ ਪੈਨਲ ਮੀਟਿੰਗ ਵਿਚ ਹੱਲ ਨਾ ਕੀਤਾ ਜਾਂ ਮੀਟਿੰਗ ਰੱਦ ਕੀਤੀ ਤਾਂ ਉਹ ਆਪਣੇ ਸੰਘਰਸ਼ ਦੇ ਅਗਲੇ ਕਦਮ ਵਜੋਂ 12 ਅਪ੍ਰੈਲ ਨੂੰ ਮੁੜ ਤਿੱਖਾ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਭਰਤੀ ਕੈਲੰਡਰ ਲਾਗੂ ਕਰਨ ਦਾ ਐਲਾਨ ਕਰਕੇ ਪੰਜਾਬ ਸਰਕਾਰ ਨੇ ਚਾਰ ਸਾਲਾਂ ਵਿਚ ਸਿੱਖਿਆ ਵਿਭਾਗ ਵਿੱਚ ਇੱਕ ਵੀ ਅਸਾਮੀ ਜਾਰੀ ਨਹੀਂ ਕੀਤੀ। ਪੰਜਾਬ ਸਰਕਾਰ ਨੇ ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ ਸ਼ਰਤ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕਰਨ ਅਤੇ ਉਮਰ ਹੱਦ ਲੰਘਾ ਚੁੱਕੇ ਬੇਰੁਜ਼ਗਾਰਾਂ ਲਈ ਉਮਰ ਹੱਦ ਛੋਟ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ।ਬੇਰੁਜ਼ਗਾਰਾਂ ਨੇ ਕਿਹਾ ਕਿ ਮਾਸਟਰ ਕੇਡਰ, ਲੈਕਚਰਾਰ ਦੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਜਾਰੀ ਕਰਵਾਉਣ,ਉਮਰ ਹੱਦ ਛੋਟ ਲੈਣ,55 ਫੀਸਦੀ ਵਰਗੀ ਬੇਤੁਕੀ ਸ਼ਰਤ ਰੱਦ ਕਰਵਾਉਣ,ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਕਰਵਾਉਣ, ਮਲਟੀ ਪਰਪਜ਼ ਹੈੱਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਸਮੇਤ ਜਾਰੀ ਕਰਵਾਉਣ,ਸਰੀਰਕ ਸਿੱਖਿਆ ਦੀਆਂ ਲੈਕਚਰਾਰ, ਮਾਸਟਰ ਕੇਡਰ ਤੇ ਪ੍ਰਾਇਮਰੀ ਪੱਧਰ ਦੀਆਂ ਅਸਾਮੀਆਂ ਜਾਰੀ ਕਰਵਾਉਣ ਲਈ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਗਗਨਦੀਪ ਕੌਰ ਗਰੇਵਾਲ, ਅਮਨਦੀਪ ਕੌਰ, ਲਖਵੀਰ ਸਿੰਘ ਸਿਰੀਏਵਾਲਾ( ਯੂਨਾਈਟਡ ਫਿਜ਼ੀਕਲ ਐਜੂਕੇਸ਼ਨ ਆਫ ਪੰਜਾਬ) ਅਤੇ ਸੰਦੀਪ ਸਿੰਘ ਮੋਫ਼ਰ ਹਾਜ਼ਰ ਸਨ।