ਬੇਰੁਜ਼ਗਾਰ ਕਾਲ਼ੇ ਝੰਡੇ ਵਿਖਾ ਕੇ ਮਨਾਉਣਗੇ ਗਣਤੰਤਰ ਦਿਵਸ
ਬੇਰੁਜ਼ਗਾਰ ਕਾਲ਼ੇ ਝੰਡੇ ਵਿਖਾ ਕੇ ਮਨਾਉਣਗੇ ਗਣਤੰਤਰ ਦਿਵਸ
Publish Date: Sun, 25 Jan 2026 05:52 PM (IST)
Updated Date: Mon, 26 Jan 2026 04:08 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਦੇ ਬੇਰੁਜ਼ਗਾਰ ਗਣਤੰਤਰ ਦਿਵਸ ਮੌਕੇ ਮੰਤਰੀਆਂ ਨੂੰ ਕਾਲੇ ਝੰਡੇ ਵਿਖਾ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰਨਗੇ। ਬੇਰੁਜ਼ਗਾਰਾਂ ਦਾ ਦੋਸ਼ ਹੈ ਕਿ ਸਰਕਾਰ ਨੇ ਚਾਰ ਸਾਲਾਂ ਵਿੱਚ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਖਾਲੀ ਅਸਾਮੀਆਂ ਭਰਨ ਤੋਂ ਪੂਰੀ ਤਰ੍ਹਾਂ ਬੇਰੁਖੀ ਵਰਤੀ ਹੈ। ਬੇਰੁਜ਼ਗਾਰ ਸਾਂਝੇ ਮੋਰਚੇ ਦਾ ਪੱਕਾ ਮੋਰਚਾ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਪਿਛਲੇ 32 ਦਿਨਾਂ ਤੋਂ ਜਾਰੀ ਹੈ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਰਮਨ ਕੁਮਾਰ ਮਲੋਟ, ਸੁਖਵਿੰਦਰ ਸਿੰਘ ਢਿੱਲਵਾਂ ਅਤੇ ਹਰਜਿੰਦਰ ਝੁਨੀਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਿੱਖਿਆ ਅਤੇ ਸਿਹਤ ਵਿਭਾਗ ਸਮੇਤ ਸਾਰੇ ਵਿਭਾਗਾਂ ਵਿੱਚ ਭਰਤੀ ਕੈਲੰਡਰ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਪ੍ਰੰਤੂ ਸਰਕਾਰ ਆਪਣੇ ਚੋਣ ਵਾਅਦੇ ਤੋਂ ਪੂਰੀ ਤਰ੍ਹਾਂ ਮੁੱਖ ਮੋੜ ਚੁੱਕੀ ਹੈ। ਰੁਜ਼ਗਾਰ ਪ੍ਰਾਪਤੀ ਲਈ ਬੇਰੁਜ਼ਗਾਰ ਸਾਂਝੇ ਮੋਰਚੇ ਦਾ ਪੱਕਾ ਧਰਨਾ ਚਲਦੇ ਭਾਵੇਂ 32 ਦਿਨ ਬੀਤ ਗਏ ਹਨ ਪ੍ਰੰਤੂ ਪੰਜਾਬ ਸਰਕਾਰ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿਹਤ ਮੰਤਰੀ ਵੱਲੋਂ ਅਜੇ ਤੱਕ ਇੱਕ ਵਾਰ ਵੀ ਪੈਨਲ ਮੀਟਿੰਗ ਨਹੀਂ ਕੀਤੀ ਗਈ। ਇਸ ਲਈ ਬੇਰੁਜ਼ਗਾਰ ਪੰਜਾਬ ਸਰਕਾਰ ਦੀਆਂ ਇਨਾਂ ਨਕਾਮੀਆਂ ਤੋਂ ਖ਼ਫ਼ਾ ਹੋ ਕੇ 26 ਜਨਵਰੀ ਗਣਤੰਤਰ ਦਿਵਸ ਮੌਕੇ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਸਮਾਗਮਾਂ ਮੌਕੇ ਸਮੂਹ ਮੰਤਰੀਆਂ ਨੂੰ ਕਾਲੇ ਝੰਡੇ ਵਿਖਾਉਣਗੇ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਪੱਕੇ ਮੋਰਚੇ ਵਿੱਚ ਅੱਜ ਲੋਕ ਅਧਿਕਾਰ ਲਹਿਰ ਦੇ ਆਗੂ ਬਲਵਿੰਦਰ ਸਿੰਘ ਸਮੇਤ ਸਮੁੱਚੀ ਟੀਮ ਨੇ ਪਹੁੰਚ ਕੇ ਜਿੱਥੇ ਬੇਰੁਜ਼ਗਾਰਾਂ ਨੂੰ ਆਰਥਿਕ ਮਦਦ ਦਿੱਤੀ ਨਾਲ ਹੀ ਬੇਰੁਜ਼ਗਾਰਾਂ ਦੇ ਇਸ ਸੰਘਰਸ਼ ਦਾ ਸਮਰਥਨ ਕੀਤਾ ।
ਇਸ ਮੌਕੇ ਮਨਜੀਤ ਕੌਰ ,ਅਮਨਦੀਪ ਕੌਰ, ਰਾਜਵੀਰ ਕੌਰ, ਲਲਿਤਾ ਪਟਿਆਲਾ, ਕੇਵਲ ਕ੍ਰਿਸ਼ਨ ਹਾਜ਼ਰ ਸਨ।