ਬੇਰੁਜ਼ਗਾਰਾਂ ਨੂੰ ਪੰਜਾਬ ਕੈਬਨਿਟ ਸਬ ਕਮੇਟੀ ਤੋਂ ਮਿਲਿਆ ਹਾਂ ਪੱਖੀ ਹੁੰਗਾਰਾ
ਬੇਰੁਜ਼ਗਾਰਾਂ ਨੂੰ ਪੰਜਾਬ ਕੈਬਨਿਟ ਸਬ ਕਮੇਟੀ ਤੋਂ ਮਿਲਿਆ ਹਾਂ ਪੱਖੀ ਹੁੰਗਾਰਾ
Publish Date: Fri, 27 Mar 2026 05:32 PM (IST)
Updated Date: Sat, 28 Mar 2026 04:06 AM (IST)

ਜਦ ਤੱਕ ਮੰਗਾਂ ਨੂੰ ਅਮਲੀ ਰੂਪ ਵਿੱਚ ਨਹੀਂ ਮੰਨਿਆ ਜਾਂਦਾ ਉਦੋਂ ਤੱਕ ਸੰਘਰਸ਼ ਅਤੇ ਪੱਕਾ ਮੋਰਚਾ ਜਾਰੀ ਰਹੇਗਾ : ਬੇਰੁਜ਼ਗਾਰ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪਿਛਲੇ 93 ਦਿਨਾਂ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਇਸ ਮੋਰਚੇ ਦੌਰਾਨ ਪਹਿਲੀ ਮੀਟਿੰਗ ਪੰਜਾਬ ਕੈਬਨਿਟ ਸਬ ਕਮੇਟੀ ਨਾਲ ਹੋਈ। ਜਿੱਥੇ ਬੇਰੁਜ਼ਗਾਰਾਂ ਵੱਲੋ ਪੁੱਜੇ ਅਮਨ ਸੇਖਾ, ਗੁਰਪ੍ਰੀਤ ਪੱਕਾ ਕਲਾਂ, ਸੰਦੀਪ ਮੋਫ਼ਰ ਤੇ ਲਲਿਤਾ ਪਟਿਆਲਾ ਨੇ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਹਮਣੇ ਰੱਖਿਆ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ ਤੇ ਹਰਜਿੰਦਰ ਝੁਨੀਰ ਨੇ ਦੱਸਿਆ ਕਿ ਵਿੱਤ ਮੰਤਰੀ ਲੈਕਚਰਾਰ ਦੀਆਂ ਅਸਾਮੀਆਂ ਤੇ ਉਮਰ ਹੱਦ ਛੋਟ ਦੇਣ ਸਬੰਧੀ ਤੁਰੰਤ ਸਿੱਖਿਆ ਵਿਭਾਗ ਨੂੰ ਆਦੇਸ਼ ਜਾਰੀ ਕੀਤੇ ਤੇ ਵਿਭਾਗ ਵੱਲੋਂ ਉਮਰ ਹੱਦ ਛੋਟ ਦੇਣ ਬਾਰੇ ਚੱਲ ਰਹੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ। ਬੇਰੁਜ਼ਗਾਰਾਂ ਵੱਲੋ ਜਦੋਂ ਮਾਸਟਰ ਕੇਡਰ ਦੀਆਂ 15000 ਅਸਾਮੀਆਂ ਘੱਟੋ ਘੱਟ ਭਰਨ ਦੀ ਮੰਗ ਕੀਤੀ ਤਾਂ ਉਨ੍ਹਾਂ ਚੱਲ ਰਹੀਆਂ ਪਦ-ਉੱਨਤੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿੰਨੀਆਂ ਵੀ ਅਸਾਮੀਆਂ ਖ਼ਾਲੀ ਹੋਈਆਂ ਉਨ੍ਹਾਂ ਉੱਤੇ ਭਰਤੀ ਕਰਨ ਬਾਰੇ ਜਲਦ ਹੀ ਫੈਸਲਾ ਲਿਆ ਜਾਵੇਗਾ। ਮਾਸਟਰ ਕੇਡਰ ’ਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਬਾਰੇ ਬੇਰੁਜ਼ਗਾਰਾਂ ਨੇ ਤਰਕਯੁਕਤ ਤਰੀਕੇ ਨਾਲ ਪੱਖ ਰੱਖਿਆ। ਉਨ੍ਹਾਂ ਦੱਸਿਆ ਕਿ ਅੱਜ ਵੀ ਬੀ ਐਡ ਕੋਰਸ ਵਿੱਚ ਦਾਖਲਾ ਤੇ ਪੰਜਾਬ ਰਾਜ ਅਧਿਆਪਕ ਯੋਗਤਾ ਪਰੀਖਿਆ (ਪੀਐਸਟੈੱਟ) ਵੀ ਗ੍ਰੈਜੂਏਸ਼ਨ ਵਿੱਚੋ 45 ਤੇ 50 ਫੀਸਦੀ ਪ੍ਰਾਪਤ ਅੰਕਾਂ ਦੇ ਆਧਾਰ ਉੱਤੇ ਹੋ ਰਹੀ ਹੈ। ਇਸ ਸਬੰਧੀ ਵਿੱਤ ਮੰਤਰੀ ਨੇ ਵਿਭਾਗ ਤੇ ਅਧਿਕਾਰੀਆਂ ਨੂੰ ਯੋਗ ਪ੍ਰਕਿਰਿਆ ਸ਼ੁਰੂ ਕਰਨ ਦਾ ਹੁਕਮ ਦਿੱਤਾ। ਉਮਰ ਹੱਦ ਛੋਟ ਦੇਣ ਬਾਰੇ ਗੱਲ ਕੀਤੀ ਤਾਂ ਹਰਪਾਲ ਚੀਮਾ ਨੇ ਵਿਭਾਗ ਨੂੰ ਉਮਰ ਹੱਦ ਛੋਟ ਦੇਣ ਬਾਰੇ ਫਾਈਲ ਤਿਆਰ ਕਰਕੇ ਲਿਆਉਣ ਲਈ ਕਿਹਾ ਤੇ ਆਉਂਦੇ ਦਿਨਾਂ ਵਿਚ ਮੁੜ ਬੇਰੁਜ਼ਗਾਰਾਂ ਨਾਲ ਹੋਣ ਵਾਲੀ ਮੀਟਿੰਗ ਵਿਚ ਤਾਜ਼ਾ ਸਥਿਤੀ ਦੀ ਜਾਣਕਾਰੀ ਲੈ ਕੇ ਆਉਣ ਦੀ ਹਦਾਇਤ ਕੀਤੀ। ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਜਦ ਤੱਕ ਮੰਗਾਂ ਨੂੰ ਅਮਲੀ ਰੂਪ ਵਿੱਚ ਨਹੀਂ ਮੰਨਿਆ ਜਾਂਦਾ ਉਦੋਂ ਤੱਕ ਸੰਘਰਸ਼ ਅਤੇ ਪੱਕਾ ਮੋਰਚਾ ਜਾਰੀ ਰਹੇਗਾ। ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਚੱਲਦੇ ਪੱਕੇ ਮੋਰਚੇ ਬੀਤੀ ਰਾਤ ਅਣਪਛਾਤੇ ਤੇਜ਼ ਰਫਤਾਰ ਵਾਹਨ ਵੱਲੋ ਨੁਕਸਾਨ ਪੁਚਾਉਣ ਦੀ ਕੋਸਿਸ਼ ਕੀਤੀ। 27 ਮਾਰਚ ਦੀ ਸਵੇਰ ਕਰੀਬ 5 ਵਜੇ ਕੋਈ ਅਣਪਛਾਤਾ ਵਾਹਨ ਬੱਤੀਆਂ ਵਾਲੇ ਚੌਂਕ ਵੱਲੋ ਆਇਆ ਜਿਸ ਦੇ ਅਗਲੇ ਹਿੱਸੇ ਵਿੱਚ ਕਿਸੇ ਰੁੱਖ ਦਾ ਟਾਹਣਾਂ ਫਸਿਆ ਹੋਇਆ ਸੀ,ਜਿਹੜਾ ਕਿ ਬਿਲਕੁਲ ਬੇਰੁਜ਼ਗਾਰਾਂ ਦੇ ਤੰਬੂ ਉੱਪਰ ਡਿੱਗਣ ਵਾਲਾ ਸੀ,ਪ੍ਰੰਤੂ ਨੇੜੇ ਲੱਗੇ ਲੋਹੇ ਦੇ ਬੈਰੀਕੇਡਾਂ ਵਿੱਚ ਫਸ ਕੇ ਡਿੱਗ ਪਿਆ। ਇਸ ਮੌਕੇ ਮਨਜੀਤ ਕੌਰ, ਰਾਜਵੀਰ ਕੌਰ, ਗੁਰਵਿੰਦਰ ਸਿੰਘ ਜਖੇਪਲ, ਗੁਰਜੀਤ ਕੌਰ ਹਾਜ਼ਰ ਸਨ।