- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕਾਂ ’ਤੇ ਲਵਾਰਿਸ ਪਸ਼ੂਆਂ ਦੀ ਭਰਮਾਰ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਸ਼ਹਿਰ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲਾਵਾਰਸ ਪਸ਼ੂਆਂ ਦੀ ਵਧ ਰਹੀ ਭਰਮਾਰ ਸਥਾਨਕ ਵਾਸੀਆਂ ਲਈ ਇਕ ਵੱਡੀ ਮੁਸੀਬਤ ਬਣ ਚੁੱਕੀ ਹੈ। ਸ਼ਹਿਰ ਦੀਆਂ ਮੁੱਖ ਸੜਕਾਂ, ਚੌਕਾਂ ਤੇ ਕੂੜੇ ਦੇ ਢੇਰਾਂ ’ਤੇ ਵੱਡੀ ਗਿਣਤੀ ਵਿਚ ਘੁੰਮ ਰਹੇ ਗਾਵਾਂ, ਬਲਦ, ਸਾਨ੍ਹ ਤੇ ਅਵਾਰਾ ਕੁੱਤੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਫੂਕ ਕੱਢ ਰਹੇ ਹਨ। ਨਗਰ ਨਿਗਮ ਦੀ ਕਥਿਤ ਲਾਪ੍ਰਵਾਹੀ ਕਾਰਨ ਨਿੱਤ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਦੇ ਪ੍ਰਮੁੱਖ ਮਹਿੰਦਰਾ ਕਾਲਜ ਰੋਡ ਤੇ ਇਸ ਦੇ ਨਾਲ ਲੱਗਦੀਆਂ ਸੜਕਾਂ ’ਤੇ ਅਵਾਰਾ ਜਾਨਵਰਾਂ ਦਾ ਜਮਾਵੜਾ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਸ਼ੂਆਂ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਉੱਥੇ ਹੀ ਵਾਹਨ ਚਾਲਕਾਂ ਲਈ ਹਰ ਵੇਲੇ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਈ ਵਾਰ ਇਹ ਜਾਨਵਰ ਘਰਾਂ ਦੇ ਖੁੱਲ੍ਹੇ ਗੇਟਾਂ ਰਾਹੀਂ ਅੰਦਰ ਦਾਖ਼ਲ ਹੋ ਕੇ ਭਾਰੀ ਨੁਕਸਾਨ ਕਰ ਦਿੰਦੇ ਹਨ। ਲੋਕਾਂ ਅਨੁਸਾਰ ਸ਼ਹਿਰ ਵਿਚ ਕਈ ਸਰਕਾਰੀ ਤੇ ਗੈਰ-ਸਰਕਾਰੀ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਸੜਕਾਂ ਤੋਂ ਇਨ੍ਹਾਂ ਪਸ਼ੂਆਂ ਨੂੰ ਚੁੱਕਣ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਜਾ ਰਹੇ। ਇਸੇ ਤਰ੍ਹਾਂ ਅਰਬਨ ਅਸਟੇਟ ਫੇਜ਼ ਦੋ ਦੀ ਮੁੱਖ ਸੜਕ ’ਤੇ ਵੀ ਲਵਾਰਿਸ ਪਸ਼ੂਆਂ ਦੀ ਭਰਮਾਰ ਆਮ ਦੇਖੀ ਜਾਂਦੀ ਹੈ।