- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਰਾਡਾਈਜ਼ ਸਕੂਲ 'ਚ ਵਿਗਿਆਨ ’ਤੇ ਦੋ ਰੋਜ਼ਾ ਪ੍ਰੋਗਰਾਮ ਸੰਪੰਨ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸੰਸਥਾ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਘੱਗਾ ਵਿਖੇ ਸੀਬੀਐੱਸਈ ਸੈਂਟਰ ਆਫ਼ ਐਕਸੀਲੈਂਸ, ਲੁਧਿਆਣਾ ਦੇ ਸਹਿਯੋਗ ਨਾਲ ਸੈਕੰਡਰੀ ਪੱਧਰ ਦੇ ਵਿਗਿਆਨ ਵਿਸ਼ੇ ’ਤੇ ਦੋ ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਚ ਹੁਸ਼ਿਆਰਪੁਰ, ਪਠਾਨਕੋਟ, ਰੋਪੜ, ਮੁਹਾਲੀ, ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਦੇ 60 ਅਧਿਆਪਕਾਂ ਨੇ ਭਾਗ ਲਿਆ। ਪ੍ਰੋਗਰਾਮ ਦਾ ਸੰਚਾਲਨ ਸਕੂਲ ਦੀ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਤੇ ਡੀਸੀਐੱਮ ਯੈੱਸ ਸਕੂਲ, ਲੁਧਿਆਣਾ ਦੇ ਡਾਇਰੈਕਟਰ ਅਕਾਦਮਿਕ ਗੁਰਭੇਜ ਸਿੰਘ ਨਾਗੀ ਨੇ ਕੀਤਾ। ਉਨ੍ਹਾਂ ਨੇ ਅਧਿਆਪਕਾਂ ਨੂੰ ਆਧੁਨਿਕ ਅਧਿਆਪਨ ਤਕਨੀਕਾਂ, ਯੋਗਤਾ-ਆਧਾਰਿਤ ਸਿੱਖਿਆ ਅਤੇ ਪ੍ਰਭਾਵਸ਼ਾਲੀ ਮੁਲਾਂਕਣ ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਿਖਲਾਈ ਦੌਰਾਨ ਪਾਠ-ਯੋਜਨਾ ਤਿਆਰ ਕਰਨ, ਬਲੂਮ ਵਰਗੀਕਰਨ ਪ੍ਰਣਾਲੀ, ਯੋਗਤਾ-ਆਧਾਰਿਤ ਪ੍ਰਸ਼ਨ ਬਣਾਉਣ ਅਤੇ ਵਿਦਿਆਰਥੀਆਂ ਦੀ ਸਿੱਖਣ ਸਮਰੱਥਾ ਨੂੰ ਬਿਹਤਰ ਬਣਾਉਣ ਬਾਰੇ ਚਰਚਾ ਕੀਤੀ ਗਈ। ਅਧਿਆਪਕਾਂ ਨੂੰ ਵਿਗਿਆਨ ਦੇ ਪ੍ਰਯੋਗਾਤਮਕ ਕਾਰਜਾਂ ਅਤੇ ਵਿਦਿਆਰਥੀਆਂ ਨੂੰ ਕਰੀਅਰ ਮਾਰਗਦਰਸ਼ਨ ਦੇਣ ਸਬੰਧੀ ਵੀ ਸਿਖਲਾਈ ਦਿੱਤੀ ਗਈ। ਮਾਹਿਰਾਂ ਨੇ ਕਿਹਾ ਕਿ ਵਿਗਿਆਨਕ ਧਾਰਨਾਵਾਂ ਨੂੰ ਵਿਹਾਰਕ ਜੀਵਨ ਨਾਲ ਜੋੜ ਕੇ ਪੜ੍ਹਾਉਣ ਨਾਲ ਵਿਦਿਆਰਥੀਆਂ ਵਿਚ ਤਰਕਸ਼ੀਲ ਸੋਚ, ਵਿਗਿਆਨਕ ਦ੍ਰਿਸ਼ਟੀਕੋਣ ਅਤੇ ਸਮੱਸਿਆਵਾਂ ਦੇ ਹੱਲ ਦੀ ਸਮਰੱਥਾ ਵਿਕਸਿਤ ਹੁੰਦੀ ਹੈ।