ਸੀਵਰੇਜ ਸਾਫ਼ ਕਰਦਿਆਂ ਦੋ ਨੌਜਵਾਨਾਂ ਦੀ ਮੌਤ ਦਾ ਮਾਮਲਾ: ਪੁਲਿਸ ਨੇ ਕੀਤਾ ਮਾਮਲਾ ਦਰਜ, ਡੀਸੀ ਵੱਲੋਂ ਹਾਈ-ਲੈਵਲ ਜਾਂਚ ਦੇ ਹੁਕਮ ਪਟਿਆਲਾ ਦੇ ਦੀਪ ਨਗਰ ਇਲਾਕੇ ’ਚ ਸੀਵਰੇਜ ਦੀ ਸਫ਼ਾਈ ਕਰਨ ਗਏ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ ਇੱਕ ਤੀਸਰੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਭੋਲਾ ਵਾਸੀ ਵਿਕਾਸ ਨਗਰ ਅਤੇ ਸੰਨੀ ਵਾਸੀ ਵਿਕਾਸ ਨਗਰ, ਤ੍ਰਿਪੜੀ ਵਜੋਂ ਹੋਈ ਹੈ। ਮ੍ਰਿਤਕ ਭੋਲੇ ਦੀ ਮਾਤਾ ਦਿਆਲੀ ਦੇਵੀ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ 28 ਜੁਲਾਈ ਦੀ ਸਵੇਰ ਕਰੀਬ 7 ਵਜੇ ਦੀਪ ਨਗਰ ਦਾ ਰਹਿਣ ਵਾਲਾ ਸੰਤੂ ਉਨ੍ਹਾਂ ਦੇ ਘਰ ਆਇਆ ਸੀ। ਉਹ ਉਨ੍ਹਾਂ ਦੇ ਲੜਕੇ ਭੋਲੇ ਤੇ ਗੁਆਂਢ ਵਿਚ ਰਹਿੰਦੇ
Publish Date: Thu, 30 Jul 2026 12:31 PM (IST)
Updated Date: Thu, 30 Jul 2026 12:32 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੇ ਦੀਪ ਨਗਰ ਇਲਾਕੇ ’ਚ ਸੀਵਰੇਜ ਦੀ ਸਫ਼ਾਈ ਕਰਨ ਗਏ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ ਇੱਕ ਤੀਸਰੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਭੋਲਾ ਵਾਸੀ ਵਿਕਾਸ ਨਗਰ ਅਤੇ ਸੰਨੀ ਵਾਸੀ ਵਿਕਾਸ ਨਗਰ, ਤ੍ਰਿਪੜੀ ਵਜੋਂ ਹੋਈ ਹੈ। ਮ੍ਰਿਤਕ ਭੋਲੇ ਦੀ ਮਾਤਾ ਦਿਆਲੀ ਦੇਵੀ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ 28 ਜੁਲਾਈ ਦੀ ਸਵੇਰ ਕਰੀਬ 7 ਵਜੇ ਦੀਪ ਨਗਰ ਦਾ ਰਹਿਣ ਵਾਲਾ ਸੰਤੂ ਉਨ੍ਹਾਂ ਦੇ ਘਰ ਆਇਆ ਸੀ। ਉਹ ਉਨ੍ਹਾਂ ਦੇ ਲੜਕੇ ਭੋਲੇ ਤੇ ਗੁਆਂਢ ਵਿਚ ਰਹਿੰਦੇ ਸੰਨੀ ਨੂੰ ਸੀਵਰੇਜ ਦੀ ਸਫ਼ਾਈ ਦੇ ਕੰਮ ਲਈ ਆਪਣੇ ਨਾਲ ਲੈ ਗਿਆ। ਸਵੇਰੇ ਕਰੀਬ 10 ਵਜੇ ਜਦੋਂ ਦਿਆਲੀ ਦੇਵੀ ਆਪਣੇ ਕੰਮ 'ਤੇ ਜਾ ਰਹੀ ਸੀ, ਤਾਂ ਉਸ ਨੇ ਸ੍ਰੀ ਹਰਿ ਰਾਏ ਸਕੂਲ ਵਾਸੀ ਦੀਪ ਨਗਰ ਦੇ ਕੋਲ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਈ ਦੇਖੀ। ਜਦੋਂ ਉਸ ਨੇ ਸ਼ੱਕ ਪੈਣ 'ਤੇ ਨੇੜੇ ਜਾ ਕੇ ਦੇਖਿਆ ਤਾਂ ਰਾਹਗੀਰ ਸੀਵਰੇਜ ਦੇ ਗੱਟਰ ’ਚੋਂ ਉਸ ਦੇ ਲੜਕੇ ਭੋਲੇ ਤੇ ਸੰਨੀ ਨੂੰ ਬਾਹਰ ਕੱਢ ਰਹੇ ਸਨ। ਦੋਵੇਂ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਸਨ। ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਸੰਤੂ ਦੋਵਾਂ ਦੀ ਨਾਜ਼ੁਕ ਹਾਲਤ ਦੇਖ ਕੇ ਉੱਥੋਂ ਫ਼ਰਾਰ ਹੋ ਗਿਆ। ਸਥਾਨਕ ਲੋਕਾਂ ਤੇ ਪਰਿਵਾਰ ਵੱਲੋਂ ਦੋਹਾਂ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਫ਼ਰਾਰ ਸੰਤੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਡਿਪਟੀ ਕਮਿਸ਼ਨਰ ਵੱਲੋਂ ਉੱਚ ਪੱਧਰੀ ਜਾਂਚ ਦੇ ਹੁਕਮ ਇਸ ਦੁਖਦਾਈ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਡੀਸੀ ਨੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਅਤੇ ਸੀਨੀਅਰ ਆਈ.ਏ.ਐੱਸ. ਅਧਿਕਾਰੀ ਮਿਸ ਸੋਨਮ ਨੂੰ ਇਸ ਘਟਨਾ ਦੀ ਵਿਸਥਾਰਤ ਤੱਥ-ਖੋਜ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਾਂਚ ਦੌਰਾਨ ਕਿਸੇ ਵੀ ਪੱਧਰ 'ਤੇ ਹੋਈ ਲਾਪਰਵਾਹੀ ਜਾਂ ਕੁਤਾਹੀ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਹੈ ਕਿ ਜਾਂਚ ਰਿਪੋਰਟ ਦੋ ਹਫ਼ਤਿਆਂ ਦੇ ਅੰਦਰ-ਅੰਦਰ ਜਮ੍ਹਾਂ ਕਰਵਾਈ ਜਾਵੇ, ਤਾਂ ਜੋ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕੇ।
ਇਹ ਹਨ ਨਿਯਮ ਭਾਰਤ ਸਰਕਾਰ ਅਤੇ ਸੁਪਰੀਮ ਕੋਰਟ ਦੇ ਮੁੱਖ ਨਿਯਮ 'ਦਿ ਪ੍ਰੋਹੀਬਿਸ਼ਨ ਓਫ ਐਂਪਲਾਇਮੈਂਟ ਐਜ਼ ਮੈਨੁਅਲ ਸਕੈਵੈਂਜਰਜ਼ ਐਂਡ ਦੇਅਰ ਰੀਹੈਬਲੀਟੇਸ਼ਨ ਐਕਟ, 2013 ਅਧੀਨ ਨਿਯਮ ਤੈਅ ਕੀਤੇ ਗਏ ਹਨ। ਕਿਸੇ ਵੀ ਵਿਅਕਤੀ ਨੂੰ ਬਿਨਾਂ ਸੁਰੱਖਿਆ ਗੇਅਰਾਂ ਦੇ ਸਿੱਧਾ ਸੀਵਰੇਜ ਦੇ ਗੱਟਰ ਵਿੱਚ ਉਤਾਰਨਾ ਕਾਨੂੰਨਨ ਜੁਰਮ ਹੈ। ਜੇਕਰ ਕੋਈ ਠੇਕੇਦਾਰ, ਅਧਿਕਾਰੀ ਜਾਂ ਵਿਅਕਤੀ ਕਿਸੇ ਮਜ਼ਦੂਰ ਨੂੰ ਬਿਨਾਂ ਸੁਰੱਖਿਆ ਸਾਧਨਾਂ ਦੇ ਸੀਵਰੇਜ ਵਿੱਚ ਉਤਾਰਦਾ ਹੈ, ਤਾਂ ਇਹ ਗੈਰ-ਜ਼ਮਾਨਤੀ ਅਪਰਾਧ ਹੈ, ਜਿਸ ਵਿੱਚ 2 ਤੋਂ 5 ਸਾਲ ਤੱਕ ਦੀ ਕੈਦ ਅਤੇ 2 ਤੋਂ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸੀਵਰੇਜ ਦੀ ਸਫ਼ਾਈ ਲਈ 100 ਪ੍ਰਤੀਸ਼ਤ ਮਸ਼ੀਨੀਕਰਨ ਲਾਜ਼ਮੀ ਹੈ।
ਇਹ ਉਪਰਕਨ ਹਨ ਲਾਜ਼ਮੀ ਅਤਿ-ਜ਼ਰੂਰੀ ਸਥਿਤੀ ਵਿੱਚ ਹੀ ਇਨਸਾਨ ਨੂੰ ਗੱਟਰ ਵਿੱਚ ਉਤਾਰਿਆ ਜਾ ਸਕਦਾ ਹੈ, ਉਹ ਵੀ ਸਾਰੀਆਂ ਸੁਰੱਖਿਆ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ। ਜੇਕਰ ਕਿਸੇ ਵਿਸ਼ੇਸ਼ ਮੌਕੇ ’ਤੇ ਸਫ਼ਾਈ ਕਰਮਚਾਰੀ ਨੂੰ ਸੀਵਰ ਵਿੱਚ ਉੱਤਰਨਾ ਪਵੇ, ਤਾਂ ਜ਼ਹਿਰੀਲੀਆਂ ਗੈਸਾਂ ਤੋਂ ਬਚਣ ਲਈ ਸਾਹ ਲੈਣ ਵਾਲੇ ਉਪਕਰਣ ਹੋਣੇ ਚਾਹੀਦੇ ਹਨ। ਗੱਟਰ ਦੇ ਅੰਦਰ ਜ਼ਹਿਰੀਲੀਆਂ ਗੈਸਾਂ ਅਤੇ ਆਕਸੀਜਨ ਦੇ ਪੱਧਰ ਦੀ ਜਾਂਚ ਵੀ ਕੀਤੀ ਜਾਣੀ ਚਾਹੀਦੀ ਹੈ।
ਇਮਰਜੈਂਸੀ ਦੀ ਸਥਿਤੀ ਵਿੱਚ ਕਰਮਚਾਰੀ ਨੂੰ ਬਾਹਰ ਖਿੱਚਣ ਲਈ ਫੁੱਲ ਬਾਡੀ ਹਾਰਨੈੱਸ ਅਤੇ ਸੇਫ਼ਟੀ ਰੋਪ, ਸਿਰ ਦੀ ਸੁਰੱਖਿਆ ਅਤੇ ਅੰਦਰ ਚਾਨਣ ਲਈ ਸੇਫ਼ਟੀ ਹੈਲਮੇਟ ਅਤੇ ਹੈੱਡਲੈਂਪ, ਬੀਮਾਰੀਆਂ ਅਤੇ ਚਮੜੀ ਦੇ ਸੰਕਰਮਣ ਤੋਂ ਬਚਣ ਲਈ ਵਾਟਰਪ੍ਰੂਫ਼ ਗਲਵਜ਼, ਨੋਜ਼ ਮਾਸਕ ਅਤੇ ਗਮਬੂਟ, ਗੱਟਰ ਦੇ ਅੰਦਰਲੀ ਜ਼ਹਿਰੀਲੀ ਗੈਸ ਬਾਹਰ ਕੱਢਣ ਅਤੇ ਤਾਜ਼ੀ ਹਵਾ ਭੇਜਣ ਲਈ ਬਲੋਅਰ ਆਦਿ ਲਾਜਮੀ ਹਨ।
ਨਗਰ ਨਿਗਮ ਤੇ ਸਥਾਨਕ ਪ੍ਰਸ਼ਾਸਨ ਦੇ ਨਿਯਮ ਤੇ ਜ਼ਿੰਮੇਵਾਰੀਆਂ ਨਗਰ ਨਿਗਮ ਦੀ ਜ਼ਿੰਮੇਵਾਰੀ ਹੈ ਕਿ ਸੀਵਰੇਜ ਦੀ ਸਫ਼ਾਈ ਲਈ ਸੱਕਰ ਮਸ਼ੀਨਾਂ, ਜੈਟਿੰਗ ਮਸ਼ੀਨਾਂ ਅਤੇ ਰੋਬੋਟਿਕ ਕਲੀਨਰਜ਼ ਦੀ ਹੀ ਵਰਤੋਂ ਕੀਤੀ ਜਾਵੇ। ਜੇਕਰ ਨਿਗਮ ਨੇ ਸਫ਼ਾਈ ਦਾ ਕੰਮ ਠੇਕੇ 'ਤੇ ਦਿੱਤਾ ਹੈ, ਤਾਂ ਵੀ ਮੁੱਖ ਜ਼ਿੰਮੇਵਾਰੀ ਨਗਰ ਨਿਗਮ ਦੀ ਹੁੰਦੀ ਹੈ। ਠੇਕੇਦਾਰ ਨੂੰ ਸਾਰੇ ਸੁਰੱਖਿਆ ਉਪਕਰਣ ਮੁਹੱਈਆ ਕਰਵਾਉਣੇ ਪੈਂਦੇ ਹਨ। ਕਿਸੇ ਵੀ ਵੱਡੀ ਸਫ਼ਾਈ ਮੁਹਿੰਮ ਵੇਲੇ ਮੌਕੇ 'ਤੇ ਫਰਸਟ ਏਡ ਕਿੱਟ ਅਤੇ ਇਮਰਜੈਂਸੀ ਵਾਹਨ ਦੀ ਸੁਵਿਧਾ ਹੋਣੀ ਚਾਹੀਦੀ ਹੈ। ਸਫ਼ਾਈ ਕਰਮਚਾਰੀਆਂ ਨੂੰ ਸੁਰੱਖਿਆ ਉਪਕਰਣ ਵਰਤਣ ਦੀ ਯੋਗ ਸਿਖਲਾਈ ਮਿਲੀ ਹੋਣੀ ਚਾਹੀਦੀ ਹੈ ਅਤੇ ਕੰਮ ਹਮੇਸ਼ਾ ਨਿਗਮ ਦੇ ਸੁਪਰਵਾਈਜ਼ਰ ਜਾਂ ਜੇ.ਈ. ਦੀ ਦੇਖ-ਰੇਖ ਹੇਠ ਹੋਣਾ ਚਾਹੀਦਾ ਹੈ।