- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਲ ਟੀਬੀ ਦੀ ਜਲਦੀ ਪਛਾਣ ਅਤੇ ਸਮੇਂ ਸਿਰ ਇਲਾਜ ’ਤੇ ਜ਼ੋਰ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਬੱਚਿਆਂ ਵਿਚ ਟੀਬੀ ਦੀ ਜਲਦੀ ਪਛਾਣ, ਸਹੀ ਜਾਂਚ ਤੇ ਸਮੇਂ ਸਿਰ ਇਲਾਜ ਨੂੰ ਹੋਰ ਮਜ਼ਬੂਤ ਕਰਨ ਲਈ ਪਟਿਆਲਾ ਵਿਖੇ ‘ਬਾਲ ਟੀਬੀ: ਨਿਦਾਨ ਤੇ ਇਲਾਜ ਪ੍ਰਬੰਧਨ’ ਵਿਸ਼ੇ ’ਤੇ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਰਲਡ ਹੈਲਥ ਪਾਰਟਨਰਜ਼ ਤੇ ‘ਸਾਥੀ’ ਵੱਲੋਂ ਜ਼ਿਲ੍ਹਾ ਟੀਬੀ ਸੈੱਲ, ਪਟਿਆਲਾ ਦੇ ਸਹਿਯੋਗ ਤੇ ਪੀਪੀਐਸਏ ਪੰਜਾਬ ਦੀ ਸਹਾਇਤਾ ਨਾਲ ਕਰਵਾਇਆ ਗਿਆ। ਇਸ ’ਚ 40 ਤੋਂ ਵੱਧ ਬਾਲ ਰੋਗ ਮਾਹਿਰਾਂ, ਮੈਡੀਕਲ ਅਫਸਰਾਂ, ਸਟਾਫ ਨਰਸਾਂ ਤੇ ਹੋਰ ਸਿਹਤ ਕਰਮਚਾਰੀਆਂ ਨੇ ਭਾਗ ਲਿਆ। ਪ੍ਰੋਗਰਾਮ ਦਾ ਉਦਘਾਟਨ ਡਾ. ਸ਼ੈਲੀ ਜੇਤਲੀ ਸਿਵਲ ਸਰਜਨ ਪਟਿਆਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਬੱਚਿਆਂ ’ਚ ਟੀਬੀ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਨਾਲ ਬਿਮਾਰੀ ਦੀਆਂ ਗੰਭੀਰ ਪੇਚੀਦਗੀਆਂ ਨੂੰ ਘਟਾਇਆ ਜਾ ਸਕਦਾ ਹੈ ਅਤੇ ਟੀਬੀ ਖਾਤਮੇ ਦੇ ਯਤਨਾਂ ਨੂੰ ਹੋਰ ਮਜ਼ਬੂਤੀ ਮਿਲ ਸਕਦੀ ਹੈ। ਡਾ. ਸਤੀਸ਼ ਪੁੰਡਿਰ, ਸਟੇਟ ਟੈਕਨੀਕਲ ਮੈਨੇਜਰ ਪੰਜਾਬ ਨੇ ਪੰਜਾਬ ਵਿੱਚ ਬਾਲ ਟੀਬੀ ਦੀ ਸਥਿਤੀ ਅਤੇ ਰਾਸ਼ਟਰੀ ਟੀਬੀ ਖਾਤਮਾ ਪ੍ਰੋਗਰਾਮ ਦੀਆਂ ਤਰਜੀਹਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੱਚਿਆਂ ਵਿੱਚ ਟੀਬੀ ਦੇ ਕੇਸਾਂ ਦੀ ਪਛਾਣ, ਰਜਿਸਟ੍ਰੇਸ਼ਨ, ਜਾਂਚ, ਇਲਾਜ ਨਾਲ ਜੋੜਨ ਅਤੇ ਫਾਲੋ-ਅੱਪ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਡਾ. ਗੁਰਪ੍ਰੀਤ ਨਾਗਰਾ, ਜ਼ਿਲ੍ਹਾ ਟੀਬੀ ਅਫਸਰ, ਪਟਿਆਲਾ, ਨੇ ਜ਼ਿਲ੍ਹੇ ਵਿੱਚ ਟੀਬੀ ਦੀ ਸਥਿਤੀ, ਜਾਂਚ ਦੀ ਪ੍ਰਕਿਰਿਆ ਵਰਗੀਆਂ ਆਧੁਨਿਕ ਜਾਂਚ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਟ੍ਰੇਨਿੰਗ ਦੌਰਾਨ ਡਾ. ਅੰਜੂ ਸਿੰਗਲਾ ਅਤੇ ਡਾ. ਦੀਕਸ਼ਾ ਆਨੰਦ ਸਿੰਗਲਾ ਨੇ ਬੱਚਿਆਂ ’ਚ ਟੀਬੀ ਦੇ ਲੱਛਣਾਂ, ਜਾਂਚ ਅਤੇ ਇਲਾਜ, ਖਾਸ ਕਰਕੇ ਐਕਸਟਰਾ ਪਲਮੋਨਰੀ ਟੀਬੀ, ਮਾਈਕ੍ਰੋਬਾਇਓਲੋਜੀਕਲ ਜਾਂਚ, ਵਜ਼ਨ ਅਨੁਸਾਰ ਦਵਾਈਆਂ ਅਤੇ ਟੀਬੀ ਤੋਂ ਬਚਾਅ ਲਈ ਰੋਕਥਾਮੀ ਇਲਾਜ ਬਾਰੇ ਜਾਣਕਾਰੀ ਦਿੱਤੀ। ਡਾ. ਜੋਰਾਵਰ ਸਿੰਘ ਅਤੇ ਡਾ. ਦੀਪਕ ਗੋਇਲ ਨੇ ਟੀਬੀ ਦੀ ਜਾਂਚ ਅਤੇ ਇਲਾਜ ਸਬੰਧੀ ਆਪਣਾ ਕਲੀਨਿਕਲ ਤਜਰਬਾ ਸਾਂਝਾ ਕੀਤਾ। ਡਾ. ਹਰਿੰਦਰ ਸਿੰਘ, ਮਾਈਕ੍ਰੋਬਾਇਓਲੋਜਿਸਟ, ਨੇ ਦਵਾਈ-ਰੋਧਕ ਟੀਬੀ ਦੀ ਪਛਾਣ ਲਈ ਜਾਂਚਾਂ ਬਾਰੇ ਜਾਣਕਾਰੀ ਦਿੱਤੀ।