ਸਰੀਏ ਨਾਲ ਭਰੇ ਟਰੱਕ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਮੁਸਤੈਦੀ ਨਾਲ ਪਾਇਆ ਕਾਬੂ ਸਰੀਏ ਨਾਲ ਭਰੇ ਟਰੱਕ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਮੁਸਤੈਦੀ ਨਾਲ ਪਾਇਆ ਕਾਬੂ
Publish Date: Sun, 27 Sep 2026 06:10 PM (IST)
Updated Date: Mon, 28 Sep 2026 04:04 AM (IST)
5 ਤੋਂ 7 ਮਿੰਟਾਂ ਵਿੱਚ ਮੌਕੇ ’ਤੇ ਪਹੁੰਚੀ ਟੀਮ ਨੇ ਅੱਗ ਨੂੰ ਫੈਲਣ ਤੋਂ ਰੋਕਿਆ, ਕੋਈ ਜਾਨੀ ਨੁਕਸਾਨ ਤੋਂ ਬਚਾਅ ਸੱਤਪਾਲ ਸਿੰਘ ਕਾਲਾਬੂਲਾ/ ਰਹਿਮਾਨ, ਪੰਜਾਬੀ ਜਾਗਰਣ, ਮਾਲੇਰਕੋਟਲਾ ਟਰੱਕ ਯੂਨੀਅਨ ਨੇੜੇ ਬੀਤੀ ਰਾਤ ਸਰੀਏ ਨਾਲ ਭਰੇ ਇੱਕ ਟਰੱਕ ਨੂੰ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਟਰੱਕ ਦੇ ਅਗਲੇ ਹਿੱਸੇ ਵਿੱਚ ਲੱਗੀ ਅੱਗ ਨੇ ਕੁਝ ਹੀ ਸਮੇਂ ਵਿੱਚ ਤੇਜ਼ ਰੂਪ ਧਾਰ ਲਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ। ਸਮੇਂ ਸਿਰ ਕੀਤੀ ਗਈ ਕਾਰਵਾਈ ਕਾਰਨ ਅੱਗ ਨੂੰ ਨੇੜੇ ਖੜ੍ਹੇ ਹੋਰ ਵਾਹਨਾਂ ਅਤੇ ਦੁਕਾਨਾਂ ਤੱਕ ਫੈਲਣ ਤੋਂ ਰੋਕਿਆ। ਫਾਇਰ ਅਫ਼ਸਰ ਦਿਲਸ਼ਾਦ ਅਲੀ ਖਾਨ ਨੇ ਦੱਸਿਆ ਕਿ 26 ਸਤੰਬਰ ਦੀ ਰਾਤ ਕਰੀਬ 11:24 ਵਜੇ ਨਵਦੀਪ ਸਿੰਘ ਵੱਲੋਂ ਫਾਇਰ ਦਫ਼ਤਰ ਨੂੰ ਟਰੱਕ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਬਿਨਾਂ ਦੇਰੀ ਕੀਤੇ ਘਟਨਾ ਸਥਾਨ ਵੱਲ ਰਵਾਨਾ ਹੋਈ ਅਤੇ ਕਰੀਬ 5 ਤੋਂ 7 ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਈ। ਟੀਮ ਨੇ ਤੁਰੰਤ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਅੱਗ ਦੀਆਂ ਲਪਟਾਂ ਕਾਫ਼ੀ ਤੇਜ਼ ਸਨ ਅਤੇ ਟਰੱਕ ਦਾ ਅਗਲਾ ਹਿੱਸਾ ਇਸ ਦੀ ਲਪੇਟ ਵਿੱਚ ਆ ਗਿਆ ਸੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਾਵਧਾਨੀ ਨਾਲ ਕਾਰਵਾਈ ਕਰਦਿਆਂ ਅੱਗ ਨੂੰ ਕਾਬੂ ਵਿੱਚ ਕੀਤਾ ਅਤੇ ਇਸ ਨੂੰ ਹੋਰ ਹਿੱਸਿਆਂ ਤੱਕ ਫੈਲਣ ਤੋਂ ਰੋਕਿਆ। ਘਟਨਾ ਸਥਾਨ ’ਤੇ ਟਰੱਕ ਯੂਨੀਅਨ ਦਾ ਇਲਾਕਾ ਹੋਣ ਕਾਰਨ ਨੇੜੇ ਹੋਰ ਵਾਹਨ ਵੀ ਖੜ੍ਹੇ ਸਨ। ਅਜਿਹੇ ਵਿੱਚ ਅੱਗ ਦੇ ਫੈਲਣ ਨਾਲ ਵੱਡਾ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਹੋਇਆ ਸੀ, ਪਰ ਫਾਇਰ ਬ੍ਰਿਗੇਡ ਦੀ ਤੁਰੰਤ ਕਾਰਵਾਈ ਨਾਲ ਸੰਭਾਵਿਤ ਨੁਕਸਾਨ ਨੂੰ ਟਾਲਿਆ ਜਾ ਸਕਿਆ। ਫਾਇਰ ਅਫ਼ਸਰ ਅਨੁਸਾਰ ਰਾਹਤ ਦੀ ਗੱਲ ਇਹ ਰਹੀ ਕਿ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਟਰੱਕ ਮਾਲਕ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅੱਗ ਕਾਰਨ ਕਰੀਬ ਚਾਰ ਲੱਖ ਰੁਪਏ ਦੇ ਮਾਲੀ ਨੁਕਸਾਨ ਦਾ ਅਨੁਮਾਨ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਫਾਇਰ ਬ੍ਰਿਗੇਡ ਦੀ ਟੀਮ ਦੀ ਅਗਵਾਈ ਫਾਇਰ ਅਫ਼ਸਰ ਦਿਲਸ਼ਾਦ ਅਲੀ ਖਾਨ ਨੇ ਕੀਤੀ। ਟੀਮ ਵਿੱਚ ਡਰਾਈਵਰ ਅਵਤਾਰ ਸਿੰਘ ਅਤੇ ਫਾਇਰਮੈਨ ਦਰਸ਼ਨ ਸਿੰਘ, ਸਤਵਿੰਦਰ ਸਿੰਘ, ਜਤਿੰਦਰ ਸਿੰਘ ਅਤੇ ਮਲਕੀਤ ਸਿੰਘ ਸ਼ਾਮਲ ਸਨ।