ਸੜਕ ਕਿਨਾਰੇ ਕੱਟੇ ਦਰੱਖਤ ਦੇ ਰਹੇ ਹਾਦਸਿਆਂ ਨੂੰ ਸੱਦਾ
ਸੜਕ ਕਿਨਾਰੇ ਕੱਟੇ ਦਰੱਖਤ ਦੇ ਰਹੇ ਹਾਦਸਿਆਂ ਨੂੰ ਸੱਦਾ
Publish Date: Mon, 19 Jan 2026 04:33 PM (IST)
Updated Date: Tue, 20 Jan 2026 04:04 AM (IST)

ਵਣ ਵਿਭਾਗ ਨੇ ਮੀਚੀਆਂ ਅੱਖਾਂ ਲੋਕਾਂ ’ਚ ਰੋਸ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਸਥਾਨਕ ਅਲਾਲ ਰੋਡ ਦੇ ਦੋਵੇਂ ਕਿਨਾਰਿਆਂ ਉੱਪਰ ਕੱਟੇ ਦਰੱਖਤ ਇਨੀਂ ਦਿਨੀਂ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਪ੍ਰੰਤੂ ਵਣ ਵਿਭਾਗ ਨੇ ਇਨ੍ਹਾਂ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਅੱਧ ਕੱਟੇ ਦਰੱਖਤਾਂ ਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਦੱਸ ਦਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਹਨੇਰੀਆਂ ਝੱਖੜਾਂ ਦੌਰਾਨ ਦਰੱਖਤ ਟੁੱਟ ਗਏ ਸਨ ਤੇ ਰੋਡ ਜਾਮ ਹੋਣ ਕਾਰਨ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਕੁਝ ਦਰੱਖਤਾਂ ਨੂੰ ਕੱਟ ਲਿਆ ਸੀ। ਬਾਅਦ ਵਿਚ ਵਣ ਵਿਭਾਗ ਵੱਲੋਂ ਕੁਝ ਕੱਟੇ ਹੋਏ ਦਰੱਖਤਾਂ ਨੂੰ ਸੜਕਾਂ ਦੇ ਇਕ ਪਾਸੇ ਇਕੱਠੇ ਕਰ ਕੇ ਢੇਰ ਜ਼ਰੂਰ ਲਗਾ ਦਿੱਤਾ ਹੈ ਪ੍ਰੰਤੂ ਅਜੇ ਵੀ ਕੱਟੇ ਦਰੱਖਤ ਦੇ ਮੁਚਰ ਸੜਕਾਂ ਦੇ ਕਿਨਾਰਿਆਂ ’ਤੇ ਪਏ ਹੋਣ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਲਈ ਸਿਰਦਰਦੀ ਬਣੇ ਹੋਏ ਹਨ। ਇੰਨੀਂ ਦਿਨੀਂ ਧੁੰਦ ਦਾ ਮੌਸਮ ਹੋਣ ਕਾਰਨ ਚੌਪਹੀਆ ਤੇ ਦੋਪਈਆ ਵਾਹਨ ਚਾਲਕਾਂ ਨੂੰ ਇਸ ਰੋਡ ਤੋਂ ਲੰਘਣ ਲਈ ਕਾਫੀ ਧਿਆਨ ਰੱਖਣਾ ਪੈਂਦਾ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਲੰਮਾ ਸਮਾਂ ਬੀਤਣ ਦੇ ਬਾਵਜੂਦ ਸਬੰਧਤ ਮਹਿਕਮੇ ਨੇ ਇਨ੍ਹਾਂ ਦਰਖਤਾਂ ਨੂੰ ਇਥੋਂ ਹਟਾਉਣ ਦੀ ਜਿੰਮੇਵਾਰੀ ਨਹੀਂ ਨਿਭਾਈ। ਜਿਸ ਕਰ ਕੇ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਹੈ। ਇਸੇ ਤਰ੍ਹਾਂ ਸ਼ੇਰਪੁਰ ਤੋਂ ਕਾਤਰੋਂ ਰੋਡ ਨੂੰ ਜਾਂਦਿਆਂ ਸੜਕ ਦੇ ਕਿਨਾਰਿਆਂ ਉੱਪਰ ਕੱਟੇ ਦਰੱਖਤ ਵੀ ਲੋਕਾਂ ਲਈ ਭਾਰੀ ਸਿਰਦਰਦੀ ਬਣੇ ਹੋਏ ਹਨ। ਜਿਨ੍ਹਾਂ ਦੀ ਅਖਬਾਰਾਂ ਤੇ ਸੋਸ਼ਲ ਮੀਡੀਆ ਦੌਰਾਨ ਕਾਫੀ ਚਰਚਾ ਵੀ ਹੋ ਚੁੱਕੀ ਹੈ। ਸਾਬਕਾ ਸਰਪੰਚ ਸਰਬਜੀਤ ਸਿੰਘ ਅਲਾਲ ਅਕਾਲੀ ਆਗੂ ਜਸਵਿੰਦਰ ਸਿੰਘ ਦੀਦਾਰਗੜ੍ਹ, ਨੌਜਵਾਨ ਕਾਂਗਰਸੀ ਆਗੂ ਰਾਮਦਾਸ ਬਿੱਟੂ, ਕਿਸਾਨ ਆਗੂ ਬਲਵਿੰਦਰ ਸਿੰਘ, ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਸਰਪੰਚ ਰਣਜੀਤ ਸਿੰਘ ਕਾਲਾਬੂਲਾ, ਕਾਂਗਰਸੀ ਆਗੂ ਅਮਨਦੀਪ ਸਿੰਘ ਬਧੇਸਾ, ਸਾਬਕਾ ਸਰਪੰਚ ਹਰਪਾਲ ਸਿੰਘ ਗੋਬਿੰਦਪੁਰਾ,ਸਮਾਜ ਸੇਵੀ ਸੰਦੀਪ ਸਿੰਘ ਗਰੇਵਾਲ ਆਦਿ ਆਗੂਆਂ ਨੇ ਸਰਕਾਰ ਅਤੇ ਵਣ ਵਿਭਾਗ ਤੋਂ ਮੰਗ ਕੀਤੀ ਕਿ ਸੜਕਾਂ ਕਿਨਾਰੇ ਕੱਟੇ ਦਰੱਖਤਾਂ ਨੂੰ ਤੁਰੰਤ ਹਟਾਇਆ ਜਾਵੇ। ਕੱਟੇ ਦਰੱਖਤਾਂ ਨੂੰ ਜਲਦ ਹਟਾਇਆ ਜਾਵੇਗਾ ਜਦੋਂ ਇਸ ਮਾਮਲੇ ਸਬੰਧੀ ਵਣ ਵਿਭਾਗ ਦੀ ਦਰੋਗਾ ਪ੍ਰਵੀਨ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸ਼ੇਰਪੁਰ ਅਲਾਲ ਰੋਡ ਅਤੇ ਸ਼ੇਰਪੁਰ ਕਾਤਰੋਂ ਰੋਡ ਘਨੌਰੀ ਦਾ ਮੌਕਾ ਵੇਖ ਕੇ ਬੇਲਦਾਰਾਂ ਦੀ ਡਿਊਟੀ ਲਗਾ ਰਹੇ ਹਨ ਅਤੇ ਜੋ ਵੀ ਦਰੱਖਤ ਸੜਕਾਂ ਕਿਨਾਰੇ ਕੱਟੇ ਹੋਏ ਹਨ ਜਾਂ ਫਿਰ ਆਵਾਜਾਈ ਵਿੱਚ ਵਿਘਨ ਪਾਉਂਦੇ ਹਨ ਉਨ੍ਹਾਂ ਨੂੰ ਹਟਵਾ ਦਿੱਤਾ ਜਾਵੇਗਾ।