ਸ਼ੇਰਪੁਰ ਦੀ ਟਰੈਫਿਕ ਵਿਵਸਥਾ ਲੀਹੋਂ ਲੱਥੀ, ਜਾਮ ਕਾਰਨ ਰਾਹਗੀਰ ਔਖੇ ਸ਼ੇਰਪੁਰ ਦੀ ਟਰੈਫਿਕ ਵਿਵਸਥਾ ਲੀਹੋਂ ਲੱਥੀ, ਜਾਮ ਨੇ ਲੋਕਾਂ ਦੇ ਨੱਕ ’ਚ ਕੀਤਾ ਦਮ
Publish Date: Wed, 28 Oct 2026 06:25 PM (IST)
Updated Date: Wed, 28 Oct 2026 06:28 PM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ ਕਸਬਾ ਸ਼ੇਰਪੁਰ ਦੀ ਟਰੈਫਿਕ ਵਿਵਸਥਾ ਵਿੱਚ ਸੁਧਾਰ ਹੋਣ ਦੀ ਬਜਾਏ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਬਾਜ਼ਾਰਾਂ ਵਿੱਚ ਲੱਗਣ ਵਾਲੇ ਜਾਮ ਕਾਰਨ ਆਮ ਲੋਕਾਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਟਰੈਫਿਕ ਸਮੱਸਿਆ ਦਾ ਕੋਈ ਸਥਾਈ ਹੱਲ ਨਾ ਨਿਕਲਣ ਕਾਰਨ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਕਸਬੇ ਦੇ ਬਾਜ਼ਾਰਾਂ ਵਿੱਚ ਸੜਕਾਂ ਦੇ ਕਿਨਾਰਿਆਂ ’ਤੇ ਦੁਕਾਨਦਾਰਾਂ ਵੱਲੋਂ ਰੱਖਿਆ ਸਾਮਾਨ ਅਤੇ ਦੁਕਾਨਾਂ ਦੇ ਸਾਹਮਣੇ ਬੇਤਰਤੀਬੇ ਢੰਗ ਨਾਲ ਖੜ੍ਹੇ ਕੀਤੇ ਵਾਹਨ ਟਰੈਫਿਕ ਜਾਮ ਦਾ ਮੁੱਖ ਕਾਰਨ ਬਣ ਰਹੇ ਹਨ। ਖ਼ਰੀਦਦਾਰੀ ਕਰਨ ਆਉਣ ਵਾਲੇ ਕਈ ਲੋਕ ਆਪਣੇ ਵਾਹਨ ਸੜਕਾਂ ’ਤੇ ਹੀ ਖੜ੍ਹੇ ਕਰਕੇ ਬਾਜ਼ਾਰ ਵਿੱਚ ਚਲੇ ਜਾਂਦੇ ਹਨ, ਜਿਸ ਕਾਰਨ ਸੜਕਾਂ ਤੰਗ ਹੋ ਜਾਂਦੀਆਂ ਹਨ ਅਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ। - ਮੁਲਾਜ਼ਮ ਦੀ ਤਾਇਨਾਤੀ ਦੇ ਬਾਵਜੂਦ ਨਹੀਂ ਮਿਲੀ ਪੱਕੀ ਰਾਹਤ ਪੁਲਿਸ ਪ੍ਰਸ਼ਾਸਨ ਵੱਲੋਂ ਟਰੈਫਿਕ ਨੂੰ ਕੰਟਰੋਲ ਕਰਨ ਲਈ ਹੋਮਗਾਰਡ ਦਾ ਇੱਕ ਮੁਲਾਜ਼ਮ ਤਾਇਨਾਤ ਕੀਤਾ ਗਿਆ ਹੈ, ਜਿਸ ਦੀ ਮੌਜੂਦਗੀ ਨਾਲ ਕੁਝ ਹੱਦ ਤੱਕ ਸੁਧਾਰ ਵੀ ਦੇਖਣ ਨੂੰ ਮਿਲਿਆ ਹੈ। ਇਸ ਦੇ ਬਾਵਜੂਦ ਸੜਕਾਂ ’ਤੇ ਵਾਹਨ ਖੜ੍ਹੇ ਕਰਨ ਅਤੇ ਆਵਾਜਾਈ ਵਿੱਚ ਰੁਕਾਵਟ ਪਾਉਣ ਦੀ ਸਮੱਸਿਆ ਬਰਕਰਾਰ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਟਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣਾ ਮੁਸ਼ਕਲ ਹੈ। - ਭਾਰੀ ਵਾਹਨਾਂ ਦਾ ਰੂਟ ਬਦਲਣ ਦਾ ਸੁਝਾਅ ਵੀ ਬੇਅਸਰ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਹੋਈਆਂ ਮੀਟਿੰਗਾਂ ਦੌਰਾਨ ਮਾਲੇਰਕੋਟਲਾ ਅਤੇ ਧੂਰੀ ਵੱਲੋਂ ਆਉਣ ਵਾਲੇ ਵੱਡੇ ਟਰਾਲਿਆਂ ਤੇ ਹੋਰ ਭਾਰੀ ਵਾਹਨਾਂ ਨੂੰ ਕਾਤਰੋਂ ਵਾਲੇ ਬਦਲਵੇਂ ਰਸਤੇ ਰਾਹੀਂ ਲੰਘਾਉਣ ਦੇ ਸਮੇਂ -ਸਮੇਂ ਸਿਰ ਸੁਝਾਅ ਵੀ ਦਿੱਤੇ ਜਾਂਦੇ ਰਹੇ ਹਨ। ਇਸ ਪ੍ਰਬੰਧ ਦਾ ਕੁਝ ਸਮੇਂ ਲਈ ਚੰਗਾ ਅਸਰ ਦੇਖਣ ਨੂੰ ਮਿਲਿਆ, ਪਰ ਬਾਅਦ ਵਿੱਚ ਸਥਿਤੀ ਮੁੜ ਪਹਿਲਾਂ ਵਰਗੀ ਹੋ ਗਈ। ਟਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਟਰੈਫਿਕ ਪੁਲਿਸ ਅਤੇ ਗ੍ਰਾਮ ਪੰਚਾਇਤ ਵੱਲੋਂ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਦੁਕਾਨਾਂ ਦੀ ਹੱਦ ਅੰਦਰ ਰੱਖਣ ਦੀ ਅਪੀਲ ਕਰਨ ਦੇ ਨਾਲ-ਨਾਲ ਕਾਰਵਾਈ ਵੀ ਕੀਤੀ ਜਾਂਦੀ ਰਹੀ ਹੈ। ਪਰ ਕੁਝ ਸਮੇਂ ਬਾਅਦ ਸਮੱਸਿਆ ਮੁੜ ਉੱਭਰ ਆਉਂਦੀ ਹੈ, ਜਿਸ ਕਾਰਨ ਲੋਕਾਂ ਨੂੰ ਸਥਾਈ ਹੱਲ ਦੀ ਉਡੀਕ ਹੈ। - ਪ੍ਰਸ਼ਾਸਨ ਤੋਂ ਸਖ਼ਤ ਕਦਮ ਚੁੱਕਣ ਦੀ ਮੰਗ ਇਲਾਕਾ ਵਾਸੀਆਂ ਨੇ ਪੁਲਿਸ ਅਤੇ ਸਬੰਧਤ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਾਜ਼ਾਰਾਂ ਵਿੱਚ ਬੇਤਰਤੀਬੇ ਢੰਗ ਨਾਲ ਵਾਹਨ ਖੜ੍ਹੇ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਦੁਕਾਨਦਾਰਾਂ ਨੂੰ ਸੜਕਾਂ ’ਤੇ ਸਾਮਾਨ ਰੱਖਣ ਤੋਂ ਰੋਕਿਆ ਜਾਵੇ ਅਤੇ ਭਾਰੀ ਵਾਹਨਾਂ ਲਈ ਬਦਲਵੇਂ ਰੂਟ ਦਾ ਪ੍ਰਬੰਧ ਲਾਗੂ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ ਕੁਝ ਸਮੇਂ ਲਈ ਕੀਤੀ ਜਾਣ ਵਾਲੀ ਕਾਰਵਾਈ ਦੀ ਬਜਾਏ ਲਗਾਤਾਰ ਨਿਗਰਾਨੀ ਅਤੇ ਪੱਕੇ ਪ੍ਰਬੰਧ ਕੀਤੇ ਜਾਣ, ਤਾਂ ਜੋ ਰਾਹਗੀਰਾਂ ਨੂੰ ਰਾਹਤ ਮਿਲ ਸਕੇ। - ਟਰੈਫਿਕ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ: ਥਾਣਾ ਮੁਖੀ ਥਾਣਾ ਮੁਖੀ ਗੁਰਦੇਵ ਸਿੰਘ ਨੇ ਕਿਹਾ ਕਿ ਸ਼ੇਰਪੁਰ ਦੀ ਟਰੈਫਿਕ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਹੈ। ਟਰੈਫਿਕ ਨੂੰ ਕੰਟਰੋਲ ਕਰਨ ਲਈ ਇੱਕ ਮੁਲਾਜ਼ਮ ਵੀ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਸਮੱਸਿਆ ਦੇ ਢੁਕਵੇਂ ਹੱਲ ਲਈ ਜਲਦ ਲੋੜੀਂਦੇ ਕਦਮ ਚੁੱਕੇ ਜਾਣਗੇ।