ਅਮਰੀਕਾ ਨਾਲ ਵਪਾਰਕ ਸਮਝੌਤਾ ਦੇਸ਼ ਦੀ ਆਰਥਿਕਤਾ ਲਈ ਘਾਤਕ : ਭੱਟੀਵਾਲ
ਅਮਰੀਕਾ ਨਾਲ ਵਪਾਰਕ ਸਮਝੌਤਾ ਦੇਸ਼ ਦੀ ਆਰਥਿਕਤਾ ਲਈ ਘਾਤਕ : ਭੱਟੀਵਾਲ
Publish Date: Fri, 13 Feb 2026 05:35 PM (IST)
Updated Date: Sat, 14 Feb 2026 04:07 AM (IST)

ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਵੱਖ-ਵੱਖ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਪਾਵਰਕੌਮ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਥਾਨਕ ਪਾਵਰਕੌਮ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਆਈਟੀਆਈ ਇੰਪਲਾਈਜ਼ ਐਸੋਸੀਏਸ਼ਨ ਦੇ ਸਬ ਡਵੀਜ਼ਨ ਪ੍ਰਧਾਨ ਰਾਜਿੰਦਰ ਸਿੰਘ, ਟੈਕਨੀਕਲ ਸਰਵਿਸ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ, ਪਾਵਰਕੌਮ ਠੇਕਾ ਮੁਲਾਜ਼ਮ ਆਗੂ ਜੁਗਰਾਜ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਿੱਤ ਨਵੇਂ ਕਾਨੂੰਨ ਬਣਾਕੇ ਅਤੇ ਵੱਖ-ਵੱਖ ਵਪਾਰਕ ਸਮਝੌਤੇ ਕਰਕੇ ਦੇਸ਼ ਦੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਨੀਤੀਆਂ ਕਿਰਤੀ ਵਰਗ ਨੂੰ ਕਮਜ਼ੋਰ ਕਰਨ ਦੀ ਸੋਚ ਨਾਲ ਬਣਾਈਆਂ ਜਾ ਰਹੀਆਂ ਹਨ। ਭੱਟੀਵਾਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਨਾਲ ਕੀਤਾ ਗਿਆ ਵਪਾਰਕ ਸਮਝੌਤਾ ਦੇਸ਼ ਦੀ ਆਰਥਿਕਤਾ ਲਈ ਘਾਤਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਥੋੜ੍ਹੀ ਹੈ। ਉਨ੍ਹਾਂ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇੱਕ ਮੰਚ ’ਤੇ ਇਕੱਠੇ ਹੋ ਕੇ ਵੱਡਾ ਸੰਘਰਸ਼ ਸ਼ੁਰੂ ਕਰਨ ਦਾ ਸੱਦਾ ਦਿੱਤਾ ਤਾਂ ਜੋ ਇਸ ਸਮਝੌਤੇ ਨੂੰ ਰੱਦ ਕਰਵਾਇਆ ਜਾ ਸਕੇ। ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਕਿਸਾਨ ਅਤੇ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਦੀ ਵੀ ਕੜੀ ਆਲੋਚਨਾ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਆਈਡੀਪੀ. ਦੇ ਜ਼ਿਲ੍ਹਾ ਪ੍ਰਧਾਨ ਤਾਰਾ ਸਿੰਘ ਫੱਗੂਵਾਲਾ, ਬੀ.ਕੇ.ਯੂ. ਡਕੌਂਦਾ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਭੱਟੀਵਾਲ, ਅਮਰੀਕ ਸਿੰਘ ਅਮਨ, ਕ੍ਰਿਸ਼ਨ ਦਾਸ, ਗੁਰਪ੍ਰੀਤ ਸਿੰਘ, ਮਿਸਰਾ ਸਿੰਘ, ਟਹਿਲ ਸਿੰਘ ਫੰਮਣਵਾਲ, ਛੱਜੂ ਸਿੰਘ ਥੰਮਣ ਸਿੰਘ ਵਾਲਾ, ਗੁਰਮੇਲ ਸਿੰਘ ਭੜ੍ਹੋ, ਨਛੱਤਰ ਸਿੰਘ ਝਨੇੜੀ, ਗੁਰਧਿਆਨ ਸਿੰਘ (ਜਨਰਲ ਸਕੱਤਰ), ਗੁਰਜੰਟ ਸਿੰਘ ਰਾਮਪੁਰਾ, ਦੇਵ ਸਿੰਘ ਝਨੇੜੀ, ਪਿਆਰਾ ਸਿੰਘ ਨਾਗਰਾ, ਗੁਰਮੇਲ ਸਿੰਘ ਘਨੌੜ ਜੱਟਾਂ, ਬਲਵੀਰ ਸਿੰਘ ਛੰਨਾਂ, ਲਾਭ ਸਿੰਘ ਭੜ੍ਹੋ, ਦੇਵ ਸਿੰਘ ਭਵਾਨੀਗੜ੍ਹ ਅਤੇ ਵਰਿੰਦਰ ਸਿੰਘ ਰਾਮਪੁਰਾ ਹਾਜ਼ਰ ਸਨ।