ਟਿੱਪਰ ਚਾਲਕ ਨੇ 2 ਟਰੱਕਾਂ ਤੇ ਸਕੂਲੀ ਬੱਸ ’ਚ ਮਾਰੀ ਟੱਕਰ, ਵੱਡਾ ਹਾਦਸਾ ਹੋਣੋਂ ਟਲ਼ਿਆ ਟਿੱਪਰ ਚਾਲਕ ਨੇ 2 ਟਰੱਕਾਂ ਤੇ ਸਕੂਲੀ ਬੱਸ ਚ ਮਾਰੀ ਟੱਕਰ,ਵੱਡਾ ਹਾਦਸਾ ਹੋਣੋਂ ਟੱਲਿਆ
Publish Date: Sun, 25 Oct 2026 05:56 PM (IST)
Updated Date: Sun, 25 Oct 2026 05:58 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਮਾਣਾ ਪਟਿਆਲਾ ਰੋਡ ਤੇ ਸ਼ਨਿੱਚਰਵਾਰ ਸਵੇਰੇ ਭਾਖੜਾ ਪੁਲ ਨੇੜੇ ਇਕ ਟਿੱਪਰ ਚਾਲਕ ਨੇ ਆਪਣਾ ਟਿੱਪਰ ਪਹਿਲਾਂ ਤਾਂ ਲਾਪ੍ਰਵਾਹੀ ਨਾਲ 2 ਟੱਰਕਾਂ ’ਚ ਮਾਰਿਆਂ ਤੇ ਫਿਰ ਪਿੱਛੇ ਕਰਦੇ ਸਮੇਂ ਇਕ ਸਕੂਲੀ ਬੱਸ ਵਿਚ ਮਾਰਿਆ। ਇਹ ਸਕੂਲੀ ਬੱਸ ਉਸ ਸਮੇਂ ਖਾਲੀ ਸੀ ਤੇ ਬੱਚਿਆਂ ਨੂੰ ਸਕੂਲ ਲਈ ਲੈਣ ਜਾ ਰਹੀ ਸੀ ਜਿਸ ਕਾਰਨ ਕੋਈ ਵੱਡਾ ਹਾਦਸਾ ਹੋਣੋ ਟੱਲ ਗਿਆ ਪ੍ਰੰਤੂ ਇਸ ਹਾਦਸੇ ਨੇ ਇਕ ਵਾਰ ਫਿਰ ਪਿਛਲੇ ਸਾਲ ਵਾਪਰੇ ਟਿੱਪਰ ਕਾਰ ਹਾਦਸੇ ਨੂੰ ਚੇਤੇ ਕਰਵਾ ਦਿੱਤਾ ਜਿਸ ਵਿਚ 7 ਮਾਸੂਮ ਬੱਚਿਆਂ ਤੇ ਕਾਰ ਡਰਾਈਵਰ ਦੀ ਜਾਨ ਚਲੀ ਗਈ ਗਈ ਸੀ। ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਟਿੱਪਰ ਚਾਲਕ ਬੁਰੀ ਤਰ੍ਹਾਂ ਨਸ਼ੇ ਵਿਚ ਸੀ ਜਿਸ ਤੋਂ ਸਹੀ ਢੰਗ ਨਾਲ ਖੜ੍ਹਾ ਵੀ ਨਹੀਂ ਸੀ ਹੋਇਆ ਜਾ ਰਿਹਾ। ਸਮਾਣਾ ਪੁਲਿਸ ਨੇ ਟਿੱਪਰ ਨੂੰ ਥਾਣੇ ਵਿਚ ਬੰਦ ਕਰਕੇ ਮੁਲਜ਼ਮ ਚਾਲਕ ਦਾ ਮੈਡੀਕਲ ਕਰਵਾਇਆ। ਡੀਐੱਸਪੀ ਸਮਾਣਾ ਫ਼ਹਿਤ ਸਿੰਘ ਬਰਾੜ ਨੇ ਕਿਹਾ ਕਿ ਟਿੱਪਰ ਤੇ ਟਿੱਪਰ ਚਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਤੇ ਸਕੂਲ ਟਾਇਮ ਦੌਰਾਨ ਸਮਾਣਾ ਦੇ ਆਲੇ ਦੁਆਲੇ ਟਿੱਪਰ ਨਹੀਂ ਚਲਣ ਦਿੱਤੇ ਜਾਣਗੇ। ਡੱਬੀ ਅਕਾਲੀ ਦਲ ਦੇ ਸਮਾਣਾ ਤੋਂ ਹਲਕਾ ਇੰਚਾਰਜ ਜਗਮੀਤ ਸਿੰਘ ਹਰਿਆਊ ਨੇ ਬਿਆਨ ਜਾਰੀ ਕਰਕੇ ਜਿੱਥੇ ਸਰਕਾਰ ਨੂੰ ਚੇਤਾਇਆ ਉੱਥੇ ਹੀ ਸਮਾਣਾ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਸਮਾਣਾ ’ਚ ਖ਼ੂਨੀ ਟਿੱਪਰਾਂ ਤੇ ਲਗਾਮ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਬੀਤੇ ਕੱਲ ਇੱਕ ਟਿੱਪਰ ਨੇ ਇਕ ਨੌਜਵਾਨ ਮੁਨੀਮ ਦੀ ਜਾਨ ਲੈ ਲਈ। ਅੱਜ ਫਿਰ ਇਕ ਨਸ਼ੇ ਵਿਚ ਬੁਰੀ ਤਰ੍ਹਾਂ ਧੂੱਤ ਟਿੱਪਰ ਚਾਲਕ ਨੇ ਪਹਿਲਾ 2 ਟਰੱਕਾਂ ਵਿਚ ਤੇ ਫਿਰ ਇਕ ਸਕੂਲੀ ਬੱਸ ਵਿਚ ਟੱਕਰ ਮਾਰ ਦਿੱਤੀ। ਇਹ ਤਾਂ ਰੱਬ ਦਾ ਸ਼ੁਕਰ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆਂ ਉਸ ਸਮੇਂ ਬੱਸ ਵਿਚ ਬੱਚੇ ਨਹੀਂ ਸਨ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਪਾਸੇ ਬੁਰੀ ਤਰ੍ਹਾਂ ਅੱਖਾਂ ਬੰਦ ਕਰੀ ਬੈਠਾ ਹੈ, ਜਿਸ ਦਾ ਖਾਮਿਆਜਾ ਸਮਾਣਾ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਭੁਗਤਣਾ ਪੈ ਰਿਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਇਸ ਪਾਸੇ ਧਿਆਨ ਦੇਣ ਤੇ ਸਮਾਣਾ ਚ ਹੋ ਰਹੀ ਨਾਜਾਇਜ਼ ਮਾਈਨਿੰਗ ਕਾਰਨ ਸੜਕਾਂ ਤੇ ਮੌਤ ਬਣ ਕੇ ਘੁੰਮ ਰਹੇ ਇਨ੍ਹਾਂ ਟਿਪੱਰਾਂ ਤੇ ਤੁਰੰਤ ਰੋਕ ਲਗਾਈ ਜਾਵੇ।