ਨੌਜਵਾਨ ਸਹਾਇਕ ਕਿੱਤੇ ਅਪਣਾ ਕੇ ਆਤਮ-ਨਿਰਭਰ ਬਣਨ : ਐੱਸਡੀਐੱਮ 45 ਸਿਖਿਆਰਥੀਆਂ ਨੂੰ ਬੱਕਰੀ ਪਾਲਣ ਦੀ ਤਿੰਨ ਰੋਜ਼ਾ ਸਿਖਲਾਈ ਦੇਣ ਦੀ ਸ਼ੁਰੂਆਤ
Publish Date: Wed, 16 Sep 2026 04:40 PM (IST)
Updated Date: Thu, 17 Sep 2026 04:02 AM (IST)
45 ਸਿਖਿਆਰਥੀਆਂ ਨੂੰ ਬੱਕਰੀ ਪਾਲਣ ਦੀ ਤਿੰਨ ਰੋਜ਼ਾ ਸਿਖਲਾਈ ਦੇਣ ਦੀ ਸ਼ੁਰੂਆਤ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਅਤੇ ਕਿਸਾਨਾਂ ਨੂੰ ਰਵਾਇਤੀ ਰੁਜ਼ਗਾਰ ਦੇ ਨਾਲ-ਨਾਲ ਲਾਹੇਵੰਦ ਸਹਾਇਕ ਕਿੱਤਿਆਂ ਨਾਲ ਜੋੜ ਕੇ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਐਸਡੀਐਮ ਦਫ਼ਤਰ ਦਿੜ੍ਹਬਾ ਦੇ ਮੀਟਿੰਗ ਹਾਲ ਵਿਖੇ ਬੱਕਰੀ ਪਾਲਣ ਸਿਖਲਾਈ ਕੈਂਪ ਦੇ ਦੂਜੇ ਪੜਾਅ ਤਹਿਤ 45 ਸਿਖਿਆਰਥੀਆਂ ਨੂੰ ਤਿੰਨ ਰੋਜ਼ਾ ਵਿਸ਼ੇਸ਼ ਸਿਖਲਾਈ ਦੇਣ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਉਪ ਮੰਡਲ ਮੈਜਿਸਟਰੇਟ ਤਰਸੇਮ ਚੰਦ ਨੇ ਦੱਸਿਆ ਕਿ ਸਬ-ਡਵੀਜ਼ਨ ਦੇ ਨੌਜਵਾਨਾਂ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਸਵੈ-ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਕਰੀ ਪਾਲਣ ਸਿਖਲਾਈ ਦੇ ਪਹਿਲੇ ਪੜਾਅ ਦੌਰਾਨ 53 ਸਿਖਿਆਰਥੀਆਂ ਨੂੰ ਸਿਖਲਾਈ ਦਿੱਤੀ ਗਈ ਸੀ ਅਤੇ ਇਸ ਦੀ ਸਫ਼ਲਤਾ ਤੇ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਦੂਜੇ ਪੜਾਅ ਤਹਿਤ 45 ਹੋਰ ਸਿਖਿਆਰਥੀਆਂ ਨੂੰ ਤਿੰਨ ਰੋਜ਼ਾ ਸਿਖਲਾਈ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੇ ਪਰਿਵਾਰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ 20 ਤੋਂ 25 ਲੱਖ ਰੁਪਏ ਤੱਕ ਖ਼ਰਚ ਕਰਦੇ ਹਨ। ਜੇਕਰ ਇਸ ਰਕਮ ਦਾ ਇੱਕ ਹਿੱਸਾ ਵੀ ਬੱਚਿਆਂ ਦੇ ਹੁਨਰ ਅਤੇ ਸਵੈ-ਰੁਜ਼ਗਾਰ ’ਤੇ ਲਗਾਇਆ ਜਾਵੇ ਤਾਂ ਉਹ 5 ਤੋਂ 10 ਲੱਖ ਰੁਪਏ ਦੀ ਲਾਗਤ ਨਾਲ ਬੱਕਰੀ ਪਾਲਣ, ਡੇਅਰੀ ਫਾਰਮਿੰਗ, ਮੁਰਗੀ ਪਾਲਣ, ਮੱਛੀ ਪਾਲਣ ਜਾਂ ਹੋਰ ਸਹਾਇਕ ਕਿੱਤਾ ਸ਼ੁਰੂ ਕਰਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਦੇ ਹਨ। ਸੀਨੀਅਰ ਵੈਟਰਨਰੀ ਅਫ਼ਸਰ ਦਿੜ੍ਹਬਾ ਡਾ. ਸ਼ਿਵਿੰਦਰਪਾਲ ਨੇ ਦੱਸਿਆ ਕਿ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਵਿਸ਼ਾ ਮਾਹਿਰਾਂ ਵੱਲੋਂ ਸਿਖਿਆਰਥੀਆਂ ਨੂੰ ਬੱਕਰੀ ਪਾਲਣ ਦੇ ਵੱਖ-ਵੱਖ ਵਿਗਿਆਨਕ ਅਤੇ ਵਿਹਾਰਕ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਿਖਿਆਰਥੀਆਂ ਨੂੰ ਬੱਕਰੀ ਪਾਲਣ ਨੂੰ ਇੱਕ ਯੋਜਨਾਬੱਧ ਅਤੇ ਲਾਹੇਵੰਦ ਕਿੱਤੇ ਵਜੋਂ ਵਿਕਸਤ ਕਰਨ ਸਬੰਧੀ ਮਾਰਗਦਰਸ਼ਨ ਦਿੱਤਾ ਗਿਆ। ਬੱਕਰੀ ਪਾਲਣ ਦੇ ਮਾਹਿਰ ਡਾ. ਜਤਿੰਦਰਪਾਲ ਸਿੰਘ ਵੱਲੋਂ ਸਿਖਿਆਰਥੀਆਂ ਨੂੰ ਵਪਾਰਕ ਪੱਧਰ ’ਤੇ ਲਾਹੇਵੰਦ ਬੱਕਰੀਆਂ ਦੀਆਂ ਉੱਤਮ ਨਸਲਾਂ, ਉਨ੍ਹਾਂ ਦੀ ਪਛਾਣ, ਢੁਕਵੀਂ ਨਸਲ ਦੀ ਚੋਣ ਅਤੇ ਨਸਲ ਸੁਧਾਰ ਸਬੰਧੀ ਤਕਨੀਕੀ ਨੁਕਤੇ ਸਮਝਾਏ ਗਏ। ਇਸੇ ਤਰ੍ਹਾਂ ਵੈਟਰਨਰੀ ਹਸਪਤਾਲ ਮਹਿਲਾਂ ਤੋਂ ਪਸ਼ੂ ਖ਼ੁਰਾਕ ਮਾਹਿਰ ਡਾ. ਅਨੁਰੀਤ ਵੱਲੋਂ ਬੱਕਰੀਆਂ ਦੀ ਸੰਤੁਲਿਤ ਖ਼ੁਰਾਕ, ਫੀਡ ਪ੍ਰਬੰਧਨ, ਵੱਖ-ਵੱਖ ਉਮਰ ਦੇ ਪਸ਼ੂਆਂ ਦੀਆਂ ਖ਼ੁਰਾਕੀ ਲੋੜਾਂ ਅਤੇ ਨਵਜੰਮੇ ਮੇਮਣਿਆਂ ਦੀ ਸਾਂਭ-ਸੰਭਾਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।