ਕੇਂਦਰ ਤੋਂ ਬਿਨਾਂ ਸੂਬੇ ਦਾ ਵਿਕਾਸ ਨਹੀਂ : ਪਠਾਣਮਾਜਰਾ ਕੇਂਦਰ ਤੋਂ ਬਿਨਾਂ ਸੂਬੇ ਦਾ ਵਿਕਾਸ ਨਹੀਂ : ਪਠਾਣਮਾਜਰਾ
Publish Date: Sun, 29 Nov 2026 04:08 PM (IST)
Updated Date: Sun, 29 Nov 2026 04:10 PM (IST)
ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਕਿਸੇ ਵੀ ਸੂਬੇ ਨੇ ਜੇਕਰ ਵਿਕਾਸ ਦੇ ਰਾਹ ਪੈਣਾ ਹੈ ਤਾਂ ਉਸ ਦੇ ਸਿਰ ਤੇ ਕੇਂਦਰ ਸਰਕਾਰ ਦਾ ਹੱਥ ਹੋਣਾ ਜ਼ਰੂਰੀ ਹੈ। ਇਸ ਲਈ ਹੁਣ ਮੌਕਾ ਹੈ ਕਿ ਪੰਜਾਬ ਵਿਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਅਤੇ ਹੁਣ ਹਲਕਾ ਸਨੌਰ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਨੇ ਬਹਾਦਰਗੜ੍ਹ ਵਿਖੇ ਇਕ ਜਨ ਸਭਾ ਨੂੰ ਸੰਬੋਧਨ ਦੌਰਾਨ ਕੀਤਾ। ਇਸ ਮੌਕੇ ਪਠਾਣਮਾਜਰਾ ਨੇ ਕਿਹਾ ਕਿ ਹਲਕਾ ਸਨੌਰ ਚ ਜੋ ਵੀ ਵਿਕਾਸ ਦੇ ਕੰਮ ਹੋਏ ਹਨ ਜਾਂ ਚੱਲ ਰਹੇ ਹਨ, ਉਹ ਸਾਰੇ ਉਨ੍ਹਾਂ ਵੱਲੋਂ ਹੀ ਪਾਸ ਕਰਵਾਏ ਗਏ ਸਨ। ਬਹਾਦਰਗੜ੍ਹ ਦੇ ਸਰਕਾਰੀ ਸਕੂਲ ਤੋਂ ਇਲਾਵਾ ਸਨੌਰ ਦੇ ਸਕੂਲ ਵਿਚ ਵੀ ਉਨ੍ਹਾਂ ਵੱਲੋਂ ਏਸੀ ਲਗਵਾਏ ਗਏ ਸਨ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਨਿੱਜੀ ਸਕੂਲਾਂ ਵਾਂਗ ਸਹੂਲਤਾਂ ਉਪਲੱਬਧ ਕਰਵਾ ਕੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਿਆ ਜਾਵੇ। ਪਠਾਣਮਾਜਰਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬੇ ਸਿਰ ਕਰਜ਼ੇ ਦੀ ਪੰਡ ਬਹੁਤ ਭਾਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਹਲਕੇ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਰਕਾਰ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ। ਹੁਣ ਜਦੋਂ ਕਿ ਕੇਂਦਰ ਚ ਭਾਜਪਾ ਦੀ ਸਰਕਾਰ ਹੈ ਤੇ ਉਹ ਭਾਜਪਾ ਚ ਸ਼ਾਮਲ ਹੋ ਗਏ ਹਨ ਤਾਂ ਉਨ੍ਹਾਂ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਇਲਾਕਾ ਵਾਸੀਆਂ ਵਲੋਂ ਹਰਮੀਤ ਸਿੰਘ ਪਠਾਣਮਾਜਰਾ ਦਾ ਸਿਰੋਪਾਉ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਨਵੀਨ ਕੁਮਾਰ ਬੱਬਲਾ, ਸੰਜੂ ਰਾਣਾ, ਬਾਬਾ ਗੁਰਮੀਤ ਸਿੰਘ ਗਿੱਲ, ਅਕਾਸ਼ ਰਾਣਾ, ਲਲਿਤ ਸ਼ਰਮਾ ਪੀਏ ਪਠਾਣਮਾਜਰਾ ਤੋਂ ਇਲਾਵਾ ਇਲਾਕਾ ਵਾਸੀ ਮੌਜੂਦ ਸਨ।