ਬਜ਼ੁਰਗਾਂ ਦੇ ਤਜਰਬੇ ਤੋਂ ਸਿੱਖ ਕੇ ਅੱਗੇ ਵਧੇ ਨੌਜਵਾਨ ਪੀੜ੍ਹੀ ਬਜ਼ੁਰਗਾਂ ਦੇ ਤਜਰਬੇ ਤੋਂ ਸਿੱਖ ਕੇ ਅੱਗੇ ਵਧੇ ਨੌਜਵਾਨ ਪੀੜ੍ਹੀ
Publish Date: Wed, 30 Sep 2026 04:15 PM (IST)
Updated Date: Thu, 01 Oct 2026 04:01 AM (IST)
ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ’ਤੇ ਵਿਸ਼ੇਸ਼ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਦੇ ਮੌਕੇ ’ਤੇ ਸੰਗਰੂਰ ਸੀਨੀਅਰ ਸਿਟੀਜ਼ਨ ਵੈਲਫੇਅਰ ਸੰਸਥਾ ਵੱਲੋਂ 1 ਅਕਤੂਬਰ ਨੂੰ ਬਨਾਸਰ ਬਾਗ ਸਥਿਤ ਬਜ਼ੁਰਗਾਂ ਦੇ ਵਿਹੜੇ ’ਚ ਸਮਾਗਮ ਕਰਵਾਇਆ ਜਾਵੇਗਾ। ਸਮਾਗਮ ਵਿੱਚ ਵਿਧਾਇਕ ਨਰਿੰਦਰ ਕੌਰ ਭਰਾਜ ਮੁੱਖ ਮਹਿਮਾਨ ਅਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵਿਸ਼ੇਸ਼ ਮਹਿਮਾਨ ਹੋਣਗੇ, ਜਦਕਿ ਪ੍ਰਧਾਨਗੀ ਪ੍ਰਧਾਨ ਡਾ. ਨਰਿੰਦਰ ਕੌਸ਼ਲ ਕਰਨਗੇ। ਸੰਸਥਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਬਜ਼ੁਰਗ ਪਰਿਵਾਰ ਅਤੇ ਸਮਾਜ ਦੀ ਅਨਮੋਲ ਪੂੰਜੀ ਹਨ। ਉਨ੍ਹਾਂ ਦੇ ਤਜਰਬੇ ਅਤੇ ਜੀਵਨ ਸੰਘਰਸ਼ ਤੋਂ ਨਵੀਂ ਪੀੜ੍ਹੀ ਨੂੰ ਮਾਰਗਦਰਸ਼ਨ ਮਿਲਦਾ ਹੈ। ਬਜ਼ੁਰਗ ਸਾਡੀ ਸੱਭਿਅਤਾ ਦੇ ਚਾਨਣ ਮੁਨਾਰੇ : ਡਾ. ਨਰਵਿੰਦਰ ਸਿੰਘ ਕੌਸ਼ਲ ਸੰਗਰੂਰ ਸੀਨੀਅਰ ਸਿਟੀਜ਼ਨ ਵੈਲਫੇਅਰ ਸੰਸਥਾ ਦੇ ਪ੍ਰਧਾਨ ਡਾ. ਨਰਿੰਦਰ ਸਿੰਘ ਕੌਸ਼ਲ ਨੇ ਕਿਹਾ ਕਿ ਬਜ਼ੁਰਗ ਸਾਡੀ ਸਭਿਅਤਾ ਦੇ ਚਾਨਣ ਮੁਨਾਰੇ ਹਨ। ਉਨ੍ਹਾਂ ਨੇ ਜੀਵਨ ਵਿੱਚ ਕਈ ਚੰਗੇ-ਮਾੜੇ ਦੌਰ ਦੇਖੇ ਹਨ ਅਤੇ ਉਨ੍ਹਾਂ ਦੇ ਤਜਰਬੇ ਅਗਲੀ ਪੀੜ੍ਹੀ ਲਈ ਮਾਰਗਦਰਸ਼ਕ ਹਨ। ਜਿਹੜੀ ਪੀੜ੍ਹੀ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਦੀ ਹੈ ਤੇ ਉਨ੍ਹਾਂ ਤੋਂ ਸਿੱਖਣ ਦੀ ਆਦਤ ਰੱਖਦੀ ਹੈ, ਉਹ ਆਪਣੇ ਸੰਸਕਾਰਾਂ ਅਤੇ ਕਦਰਾਂ-ਕੀਮਤਾਂ ਨਾਲ ਜੁੜੀ ਰਹਿੰਦੀ ਹੈ। ਸੀਨੀਅਰ ਸਿਟੀਜ਼ਨ ਦਿਵਸ ਸਿਰਫ਼ ਇੱਕ ਦਿਨ ਬਜ਼ੁਰਗਾਂ ਨੂੰ ਸਨਮਾਨ ਦੇਣ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ, ਸਗੋਂ ਉਨ੍ਹਾਂ ਪ੍ਰਤੀ ਸਤਿਕਾਰ ਤੇ ਜ਼ਿੰਮੇਵਾਰੀ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਬਜ਼ੁਰਗ ਪਰਿਵਾਰ ਦੀ ਨੀਂਹ ਤੇ ਸਾਡੀ ਪਛਾਣ : ਰਾਜ ਅਰੋੜਾ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਬਜ਼ੁਰਗ ਹੀ ਪਰਿਵਾਰ ਦੀ ਨੀਂਹ ਅਤੇ ਸਾਡੀ ਪਛਾਣ ਹੁੰਦੇ ਹਨ। ਸਾਂਝੇ ਪਰਿਵਾਰਾਂ ਦੇ ਟੁੱਟਣ ਅਤੇ ਨਵੀਂ ਪੀੜ੍ਹੀ ਦੀ ਰੁਝੇਵਿਆਂ ਭਰੀ ਜੀਵਨਸ਼ੈਲੀ ਕਾਰਨ ਬਜ਼ੁਰਗਾਂ ਵਿੱਚ ਇਕੱਲੇਪਣ ਦੀ ਭਾਵਨਾ ਵਧ ਰਹੀ ਹੈ। ਨਵੀਂ ਪੀੜ੍ਹੀ ਤੇ ਬਜ਼ੁਰਗਾਂ ਦੀ ਸੋਚ ਵਿੱਚ ਅੰਤਰ ਵੀ ਕਈ ਵਾਰ ਟਕਰਾਅ ਦਾ ਕਾਰਨ ਬਣਦਾ ਹੈ। ਬਜ਼ੁਰਗਾਂ ਦੀ ਸੋਚ ਜੀਵਨ ਦੇ ਤਜਰਬੇ ਤੇ ਆਧਿਆਤਮਿਕ ਕਦਰਾਂ-ਕੀਮਤਾਂ ਨਾਲ ਜੁੜੀ ਹੁੰਦੀ ਹੈ, ਇਸ ਲਈ ਉਨ੍ਹਾਂ ਦੇ ਤਜਰਬਿਆਂ ਨੂੰ ਸਮਝਣ ਦੀ ਲੋੜ ਹੈ। ਪਰਿਵਾਰ ’ਚ ਬਜ਼ੁਰਗਾਂ ਨੂੰ ਸਤਿਕਾਰ ਮਿਲੇਗਾ ਤਾਂ ਬੱਚਿਆਂ ’ਚ ਵੀ ਚੰਗੇ ਸੰਸਕਾਰ ਵਿਕਸਿਤ ਹੋਣਗੇ। ਬਜ਼ੁਰਗ ਘਰਾਂ ਦੇ ਜਿੰਦਰੇ ਵਾਂਗ ਹੁੰਦੈ : ਕੰਵਲਜੀਤ ਸਿੰਘ ਕੰਵਲਜੀਤ ਸਿੰਘ ਨੇ ਕਿਹਾ ਕਿ ਬਜ਼ੁਰਗ ਘਰਾਂ ਦੇ ਰਾਖੇ ਹੁੰਦੇ ਹਨ। ਉਨ੍ਹਾਂ ਦੀ ਮੌਜੂਦਗੀ ਵਿੱਚ ਪਰਿਵਾਰ ਦੇ ਮੈਂਬਰਾਂ ਨੂੰ ਸੁਰੱਖਿਆ ਅਤੇ ਆਪਣਾਪਣ ਮਹਿਸੂਸ ਹੁੰਦਾ ਹੈ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ’ਚ ਬੱਚੇ ਬਜ਼ੁਰਗਾਂ ਨੂੰ ਲੋੜੀਂਦਾ ਸਮਾਂ ਨਹੀਂ ਦੇ ਪਾ ਰਹੇ। ਬੱਚਿਆਂ ਨੂੰ ਬਚਪਨ ਤੋਂ ਹੀ ਬਜ਼ੁਰਗਾਂ ਦਾ ਸਤਿਕਾਰ ਕਰਨ ਦੇ ਸੰਸਕਾਰ ਦਿੱਤੇ ਜਾਣੇ ਚਾਹੀਦੇ ਹਨ। ਜੇ ਅਸੀਂ ਆਪਣੇ ਮਾਤਾ-ਪਿਤਾ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਾਂਗੇ ਤਾਂ ਆਉਣ ਵਾਲੀ ਪੀੜ੍ਹੀ ਵੀ ਸਾਡੇ ਨਾਲ ਇਹੋ ਜਿਹਾ ਵਿਵਹਾਰ ਕਰੇਗੀ। ਸਾਰੇ ਧਰਮਾਂ ’ਚ ਬਜ਼ੁਰਗਾਂ ਦੇ ਸਤਿਕਾਰ ਦੀ ਸਿੱਖਿਆ ਦਿੱਤੀ ਗਈ ਹੈ ਪਰ ਵੱਡੀ ਗਿਣਤੀ ’ਚ ਬਜ਼ੁਰਗ ਅੱਜ ਕਈ ਮੁਸ਼ਕਲ ਹਾਲਾਤਾਂ ’ਚੋਂ ਗੁਜ਼ਰ ਰਹੇ ਹਨ। ਬਜ਼ੁਰਗਾਂ ਦੀ ਭਲਾਈ ਵਿੱਚ ਹੀ ਪਰਿਵਾਰ ਅਤੇ ਸਮਾਜ ਦੀ ਭਲਾਈ ਨਿਹਿਤ ਹੈ। ਥਾਂ-ਥਾਂ ਖੁੱਲ੍ਹੇ ਬਿਰਧ ਆਸ਼ਰਮ ਚਿੰਤਾ ਦਾ ਵਿਸ਼ਾ : ਰਵਿੰਦਰ ਗੁੱਡੂ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਰਵਿੰਦਰ ਸਿੰਘ ਗੁੱਡੂ ਨੇ ਕਿਹਾ ਕਿ ਥਾਂ-ਥਾਂ ਖੁੱਲ੍ਹ ਰਹੇ ਬਿਰਧ ਆਸ਼ਰਮ ਇਸ ਗੱਲ ਦਾ ਸੰਕੇਤ ਹਨ ਕਿ ਸਮਾਜ ਵਿੱਚ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਬਜ਼ੁਰਗਾਂ ਪ੍ਰਤੀ ਸੋਚ ’ਚ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਦੀ ਸੇਵਾ ਤੇ ਦੇਖਭਾਲ ਆਪਣੇ ਘਰ ’ਚ ਹੀ ਕਰਨੀ ਚਾਹੀਦੀ ਹੈ। ਜਿਸ ਘਰ ’ਚ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਹੈ, ਉੱਥੇ ਖੁਸ਼ਹਾਲੀ ਤੇ ਸੰਸਕਾਰ ਕਾਇਮ ਰਹਿੰਦੇ ਹਨ। ਬਜ਼ੁਰਗ ਸਮਾਜ ਦੀ ਅਨਮੋਲ ਪੂੰਜੀ ਹਨ : ਦਲਜੀਤ ਜ਼ਖ਼ਮੀ ਸੰਸਥਾ ਤੇ ਪ੍ਰਦੇਸ਼ ਪ੍ਰਧਾਨ ਖੱਤਰੀ ਸਭਾ ਦੇ ਸਰਪ੍ਰਸਤ ਦਲਜੀਤ ਸਿੰਘ ਜ਼ਖ਼ਮੀ ਨੇ ਕਿਹਾ ਕਿ ਬਜ਼ੁਰਗ ਸਮਾਜ ਦੀ ਅਨਮੋਲ ਪੂੰਜੀ ਹਨ। ਉਨ੍ਹਾਂ ਦੇ ਤਜਰਬੇ ਤੋਂ ਨਵੀਂ ਪੀੜ੍ਹੀ ਬਹੁਤ ਕੁਝ ਸਿੱਖ ਸਕਦੀ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੀਨੀਅਰ ਨਾਗਰਿਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਸਨਮਾਨਜਨਕ ਜੀਵਨ ਲਈ ਠੋਸ ਕਦਮ ਚੁੱਕੇ ਜਾਣ। ਸਰਕਾਰੀ ਦਫ਼ਤਰਾਂ ਵਿੱਚ ਬਜ਼ੁਰਗਾਂ ਨੂੰ ਆਪਣੇ ਕੰਮ ਕਰਵਾਉਣ ’ਚ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਮਿਲਣਾ ਚਾਹੀਦਾ ਹੈ।