ਰੁਕ ਨਹੀਂ ਰਿਹਾ ਕਾਂਗਰਸ ਵਿਚ ਅੰਦਰੂਨੀ ਕਲੇਸ਼ ਦਾ ਵਾਇਰਸ ਰੁਕ ਨਹੀਂ ਰਿਹਾ ਕਾਂਗਰਸ ਵਿਚ ਅੰਦਰੂਨੀ ਕਲੇਸ਼ ਦਾ ਵਾਇਰਸ
Publish Date: Tue, 18 Aug 2026 07:08 PM (IST)
Updated Date: Tue, 18 Aug 2026 07:12 PM (IST)
--ਸੂਬਾ ਪ੍ਰਧਾਨ ਤੋਂ ਬਾਅਦ ਜਿਲ੍ਹਾ ਪ੍ਰਧਾਨ ਖਿਲਾਫ ਉੱਠੀ ਆਵਾਜ਼ ਫੋਟੋ : 18ਪੀਟੀਐਲ : 39 ਨਵਦੀਪ ਢੀਂਗਰਾ, ਪੰਜਾਬੀ ਜਾਗਰਣ,ਪਟਿਆਲਾ : ਕਾਂਗਰਸ ਵਿਚਲਾ ਅੰਦਰੂਨੀ ਕਲੇਸ਼ ਸੂਬਾ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ’ਤੇ ਪੁੱਜ ਗਿਆ ਹੈ। ਇਕ ਪਾਸੇ ਕਾਂਗਰਸ ਸੂਬਾ ਪ੍ਰਧਾਨ ਖ਼ਿਲਾਫ਼ ਮੁਹਿੰਮ ਚੱਲ ਰਹੀ ਹੈ ਤੇ ਦੂਸਰੇ ਪਾਸੇ ਹੁਣ ਪਟਿਆਲਾ ਵਿਚ ਜ਼ਿਲ੍ਹਾ ਪ੍ਰਧਾਨ ਖ਼ਿਲਾਫ਼ ਵੀ ਆਵਾਜ਼ ਉੱਠਣ ਲੱਗੀ ਹੈ। ਕਾਂਗਰਸ ਪਾਰਟੀ ਅੰਦਰ ਟਿਕਟਾਂ ਦੀ ਵੰਡ, ਰਾਜਨੀਤਿਕ ਪਰਿਵਾਰਾਂ ਦੇ ਪ੍ਰਭਾਵ ਤੇ ਪਾਰਟੀ ਦੇ ਸਿਧਾਂਤਾਂ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਕੌਂਸਲਰ ਸੇਵਕ ਸਿੰਘ ਝਿੱਲ ਤੇ ਐਡਵੋਕੇਟ ਭੂਵੇਸ਼ ਤਿਵਾੜੀ ਨੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਨੂੰ ਤਿੱਖੇ ਸਵਾਲ ਕੀਤੇ ਹਨ। ਇਸ ਸਬੰਧੀ ਲੱਗੇ ਦੋਸ਼ਾਂ ਬਾਰੇ ਜ਼ਿਲ੍ਹਾ ਪ੍ਰਧਾਨ ਨਰੇਸ਼ ਦੁੱਗਲ ਨਾਲ ਫੋਨ ’ਤੇ ਕਈ ਵਾਰ ਸੰਰਪਕ ਕਰਨਾ ਚਾਹਿਆ ਪਰ ਉਹ ਉਪਲੱਬਧ ਨਹੀਂ ਸਨ। ਸੇਵਕ ਸਿੰਘ ਝਿੱਲ ਨੇ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਰਾਜਨੀਤਿਕ ਪਰਿਵਾਰਾਂ ਦਾ ਘੇਰਾ ਤੋੜਨ, ਨਵੇਂ ਚਿਹਰਿਆਂ ਨੂੰ ਮੌਕਾ ਦੇਣ ਅਤੇ ਜ਼ਮੀਨੀ ਪੱਧਰ ’ਤੇ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਅੱਗੇ ਲਿਆਉਣ ਦੀ ਗੱਲ ਕਰ ਰਹੀ ਹੈ ਤਾਂ ਫਿਰ ਇਹ ਸਿਧਾਂਤ ਪਟਿਆਲਾ ਵਿਚ ਵੀ ਉਸੇ ਤਰ੍ਹਾਂ ਲਾਗੂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਪਾਰਟੀ ਦੇ ਸੰਗਠਨਾਤਮਕ ਕੈਂਪਾਂ ਵਿੱਚ ਇਹ ਵਿਚਾਰ ਰੱਖਿਆ ਗਿਆ ਹੈ ਕਿ ਸਿਰਫ਼ ਪਹਿਲਾਂ ਚੋਣ ਲੜ ਚੁੱਕੇ ਹੋਣ ਦੇ ਆਧਾਰ ’ਤੇ ਕਿਸੇ ਉਮੀਦਵਾਰ ਨੂੰ ਦੁਬਾਰਾ ਟਿਕਟ ਮਿਲਣਾ ਲਾਜ਼ਮੀ ਨਹੀਂ। ਉਮੀਦਵਾਰ ਦੀ ਕਾਰਗੁਜ਼ਾਰੀ, ਲੋਕਾਂ ਵਿੱਚ ਸਵੀਕਾਰਤਾ, ਪਾਰਟੀ ਲਈ ਯੋਗਦਾਨ ਅਤੇ ਚੋਣ ਜਿੱਤਣ ਦੀ ਸਮਰੱਥਾ ਨੂੰ ਵੀ ਮਹੱਤਵ ਮਿਲਣਾ ਚਾਹੀਦਾ ਹੈ। ਝਿੱਲ ਨੇ ਕਿਹਾ ਕਿ ਉਦੈਪੁਰ ਚਿੰਤਨ ਸ਼ਿਵਿਰ ਤੋਂ ਬਾਅਦ ਕਾਂਗਰਸ ਵਿੱਚ ਸੰਗਠਨਾਤਮਕ ਸੁਧਾਰਾਂ ਅਤੇ ਜਵਾਬਦੇਹੀ ਦੀ ਗੱਲ ਹੋਈ ਹੈ। ਇਸ ਲਈ ਟਿਕਟਾਂ ਦੀ ਵੰਡ ਵਿੱਚ ਵੀ ਪਾਰਦਰਸ਼ਤਾ ਅਤੇ ਇੱਕੋ ਜਿਹੇ ਮਾਪਦੰਡ ਹੋਣੇ ਚਾਹੀਦੇ ਹਨ। ਸੇਵਕ ਝਿੱਲ ਨੇ ਜਿਲ੍ਹਾ ਪ੍ਰਧਾਨ ਨੂੰ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਰਾਜਨੀਤਿਕ ਪਰਿਵਾਰਾਂ ਦੇ ਪ੍ਰਭਾਵ ਨੂੰ ਘਟਾਉਣ ਦੀ ਗੱਲ ਕਰ ਰਹੀ ਹੈ ਤਾਂ ਫਿਰ ਉਹ ਇਕ ਸਾਬਕਾ ਮੰਤਰੀ ਦੇ ਇਕ ਪਰਿਵਾਰਕ ਮੈਂਬਰ ਨੂੰ ਅੱਗੇ ਲਿਆਉਣ ਲਈ ਇੰਨੇ ਸਰਗਰਮ ਕਿਉਂ ਨਜ਼ਰ ਆ ਰਹੇ ਹਨ? ਉਨ੍ਹਾਂ ਕਿਹਾ, ਜਿਲ੍ਹਾ ਪ੍ਰਧਾਨ ਇਹ ਸਪੱਸ਼ਟ ਕਰਨ ਕਿ ਉਹ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਵਜੋਂ ਸਾਰੇ ਵਰਕਰਾਂ ਦੇ ਹੱਕ ਦੀ ਗੱਲ ਕਰ ਰਹੇ ਹਨ ਜਾਂ ਕਿਸੇ ਖਾਸ ਪਰਿਵਾਰ ਦੀ ਸਿਆਸੀ ਪੈਰਵੀ ਕਰ ਰਹੇ ਹਨ? ਸੇਵਕ ਸਿੰਘ ਝਿੱਲ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ 40 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰਨ ਅਤੇ ਲਗਾਤਾਰ ਹਾਰਨ ਵਾਲੇ ਉਮੀਦਵਾਰਾਂ ਨੂੰ ਟਿਕਟ ਨਾ ਦੇਣ ਬਾਰੇ ਦਿੱਤੇ ਗਏ ਬਿਆਨਾਂ ਦੇ ਮੱਦੇਨਜ਼ਰ ਸਾਰੇ ਉਮੀਦਵਾਰਾਂ ਲਈ ਇੱਕੋ ਜਿਹਾ ਮਾਪਦੰਡ ਲਾਗੂ ਹੋਣਾ ਚਾਹੀਦਾ ਹੈ। -ਐਡਵੋਕੇਟ ਭੂਵੇਸ਼ ਤਿਵਾੜੀ ਨੇ ਵੀ ਮੰਗੀ ਪਾਰਦਰਸ਼ਤਾ ਐਡਵੋਕੇਟ ਭੂਵੇਸ਼ ਤਿਵਾੜੀ ਨੇ ਕਿਹਾ ਕਿ ਕਾਂਗਰਸ ਇੱਕ ਜਮਹੂਰੀ ਪਾਰਟੀ ਹੈ ਅਤੇ ਟਿਕਟਾਂ ਦੀ ਪ੍ਰਕਿਰਿਆ ਵਿੱਚ ਕਿਸੇ ਵੀ ਕਿਸਮ ਦਾ ਨਿੱਜੀ ਦਬਾਅ, ਪਰਿਵਾਰਕ ਪ੍ਰਭਾਵ ਜਾਂ ਅੰਦਰੂਨੀ ਸਿਆਸੀ ਸਮਝੌਤਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹਰ ਉਮੀਦਵਾਰ ਦੀ ਯੋਗਤਾ, ਪਿਛਲੀ ਕਾਰਗੁਜ਼ਾਰੀ, ਲੋਕਾਂ ਵਿੱਚ ਸਵੀਕਾਰਤਾ ਅਤੇ ਪਾਰਟੀ ਲਈ ਯੋਗਦਾਨ ਦਾ ਇੱਕੋ ਮਾਪਦੰਡ ਨਾਲ ਮੁਲਾਂਕਣ ਹੋਵੇ। ਜੇਕਰ ਕਿਸੇ ਉਮੀਦਵਾਰ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਉਸ ਦਾ ਕਾਰਨ ਵੀ ਪਾਰਟੀ ਵਰਕਰਾਂ ਦੇ ਸਾਹਮਣੇ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ।