ਟ੍ਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਜਾਰੀ ਟ੍ਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵੀ ਰਹੀ ਜਾਰੀ
Publish Date: Tue, 04 Aug 2026 04:59 PM (IST)
Updated Date: Wed, 05 Aug 2026 04:02 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਹੜਤਾਲ ਮੰਗਲਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ। ਕੱਚੇ ਮੁਲਾਜਮਾਂ ਨੇ ਬੱਸ ਸਟੈਡ ਵਿੱਚ ਧਰਨਾ ਲਾ ਕੇ ਟ੍ਰਾਂਸਪੋਰਟ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਐਲਾਨ ਕੀਤਾ ਕਿ ਜਦੋ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀ ਕੀਤਾ ਜਾਂਦਾ ਉਦੋ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਡਿੱਪੂ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਦਾਅਵੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੀਤੇ ਵਾਅਦਿਆਂ ਨੂੰ ਭੁੱਲ ਗਈ ਹੈ। ਹੁਣ ਤੱਕ ਪੰਜਾਬ ਸਰਕਾਰ ਨਾਲ ਕਈ ਮੀਟਿੰਗਾ ਹੋ ਚੁੱਕੀਆਂ ਹਨ ਅਤੇ ਹਰੇਕ ਮੀਟਿੰਗ ਵਿੱਚ ਸਿਵਾਏ ਝੂਠੇ ਭਰੋਸੇ ਤੋ ਕੁਝ ਵੀ ਹੱਥ ਨਾ ਲੱਗਾ। ਸਰਕਾਰ ਵੱਲੋ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਕਮੇਟੀਆ ਗਠਿਤ ਕਰਕੇ ਸਿਰਫ ਗੁੰਮਰਾਹ ਕੀਤਾ ਜਾ ਰਿਹਾ ਹੈ। ਡਿੱਪੂ ਖਜਾਨਚੀ ਸਤਵਿੰਦਰ ਸਿੰਘ ਦਿਆਲਗੜ੍ਹ, ਵਾਈਸ ਪ੍ਰਧਾਨ ਲਖਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਵੱਖ- ਵੱਖ ਕੰਮਾ ਤੋ ਸੰਗਰੂਰ ਡਿੱਪੂ ਦੇ ਵਿੱਚ 25 ਬੱਸਾਂ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਕੰਡਮ ਹੋ ਚੁੱਕੀਆ ਹਨ ਅਤੇ ਇੱਕ ਵੀ ਬੱਸ ਸਰਕਾਰ ਵੱਲੋ ਨਵੀ ਨਹੀ ਪਾਈ ਗਈ। ਖਰਾਬ ਬੱਸਾਂ ਸਪੇਆਰ ਪਾਰਟ ਤੋਂ ਬਿਨਾਂ ਖੜੀਆਂ ਹਨ। ਜਦਕਿ ਦੂਸਰੇ ਪਾਸੇ ਸਰਕਾਰ ਵੱਲੋ ਕਿਲੋਮੀਟਰ ਬੱਸਾਂ ਪਾ ਕੇ ਪ੍ਰਾਈਵੇਟ ਘਰਾਣਿਆ ਨੂੰ ਵੱਡਾ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਜਿਸਦਾ ਮੁਲਾਜਮਾਂ ਵਿੱਚ ਭਾਰੀ ਰੋਸ ਹੈ। ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਰਿੰਕੂ ਨਾਥ, ਗਗਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਵਲੋ 24 ਜੂਨ ਦੀ ਮੀਟਿੰਗ ਵਿੱਚ 10 ਦਿਨ ਦਾ ਸਮਾਂ ਮੰਗਿਆ ਗਿਆ ਸੀ ਕਿ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਖਰੜਾ ਤਿਆਰ ਕੀਤਾ ਜਾਵੇਗਾ। ਆਊਟ ਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨ ਲਈ ਸਮਾਂ ਸੀਮਾ 3 ਸਾਲ ਕੀਤੀ ਜਾਵੇਗੀ ਅਤੇ ਬਾਕੀ ਮੰਗਾਂ ਦਾ ਹੱਲ ਤਰੁੰਤ ਕੱਢਿਆ ਜਾਵੇਗਾ ਪ੍ਰੰਤੂ ਕੋਈ ਹੱਲ ਨਹੀਂ ਕੱਢਿਆ ਗਿਆ। ਆਪਣੀ ਸੁਣਵਾਈ ਨਾ ਹੁੰਦੀ ਵੇਖ ਕੱਚੇ ਮੁਲਾਜ਼ਮਾਂ ਨੇ ਹੜਤਾਲ ਸ਼ੁਰੂ ਕੀਤੀ ਹੈ। ਹੜਤਾਲ ਕਾਰਨ ਯਾਤਰੀਆਂ ਨੂੰ ਝੱਲਣੀ ਪੈ ਰਹੀ ਪਰੇਸ਼ਾਨੀ ਸੰਗਰੂਰ। ਕੱਚੇ ਮੁਲਾਜ਼ਮਾਂ ਦੀ ਹੜਤਾਲ ਦੇ ਚਲਦਿਆਂ ਬੱਸ ਸਟੈਡ ਵਿੱਚ ਲੋਕ ਭਟਕਦੇ ਵੇਖੇ ਗਏ ਅਤੇ ਉਹ ਲੰਮਾ ਸਮਾਂ ਬੱਸਾਂ ਦੀ ਉਡੀਕ ਕਰਦੇ ਰਹੇ। ਜੋ ਬੱਸਾਂ ਚੱਲ ਰਹੀਆਂਸਨ ਉਹ ਵੀ ਯਾਤਰੀਆਂ ਨਾਲ ਨੱਕੋ ਨੱਕ ਭਰੀਆਂ ਹੋਈਆਂ ਸਨ। ਗਰਮੀ ਅਤੇ ਹੁੰਮਸ ਭਰੇ ਮੌਸਮ ਵਿੱਚ ਭਰੀਆਂ ਬੱਸਾਂ ਵਿੱਚ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੁਫਤ ਬੱਸ ਸਫਰ ਕਰਨ ਵਾਲੀਆਂ ਔਰਤਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਝੱਲਣੀ ਪਈ। ਬੱਸ ਸਟੈਡ ਵਿੱਚ ਮੌਜੂਦ ਔਰਤਾਂ ਸੀਮਾ, ਰਮਨਜੀਤ ਕੌਰ, ਬਜੁਰਗ ਸਵਰਨ ਕੌਰ ਨੇ ਦੱਸਿਆ ਕਿ ਬੱਸਾਂ ਦੀ ਹੜਤਾਲ ਕਾਰਨ ਉਨ੍ਹਾਂ ਨੂੰ ਕਾਫੀ ਸਮਾਂ ਬੱਸ ਸਟੈਡ ਵਿੱਚ ਗੁਜਾਰਨਾ ਪੈ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਹੜਤਾਲ ਦੇ ਗਏ ਮੁਲਾਜਮਾਂ ਦੀਆਂ ਮੰਗਾਂ ਨੂੰ ਛੇਤੀ ਪੂਰਾ ਕਰੇ।