ਸ਼ਿਕਾਇਤ ਨਹੀਂ ਕਰਨੀ ਹੱਲ, ਇੱਧਰ ਦੀ ਚਿੱਠੀ ਓਧਰ ਘੱਲ! ਸ਼ਿਕਾਇਤ ਨਹੀਂ ਕਰਨੀ ਹੱਲ, ਇੱਧਰ ਦੀ ਚਿੱਠੀ ਓਧਰ ਘੱਲ!
Publish Date: Thu, 09 Jul 2026 06:25 PM (IST)
Updated Date: Fri, 10 Jul 2026 04:04 AM (IST)
* ਅੱਠ ਮਹੀਨਿਆਂ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਫਾਈਲਬਾਜ਼ੀ ਜਾਰੀ * ਕਰੋੜਾਂ ਦੀ ਸਰਕਾਰੀ ਮੱਛੀ ਮਾਰਕੀਟ ਬਣੀ ਸ਼ੋਅ ਪੀਸ ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਜੇਕਰ ਕਿਸੇ ਨੇ ਇਹ ਸਮਝਣਾ ਹੋਵੇ ਕਿ ਪ੍ਰਸ਼ਾਸਨਿਕ ਫਾਈਲਬਾਜ਼ੀ ਤੇ ਲਾਲ-ਫ਼ੀਤਾਸ਼ਾਹੀ ਕੀ ਹੁੰਦੀ ਹੈ ਅਤੇ ਆਮ ਨਾਗਰਿਕ ਦੀ ਜਾਇਜ਼ ਸ਼ਿਕਾਇਤ ਨੂੰ ਬਿਨਾਂ ਹੱਲ ਕੀਤੇ ਕਿਵੇਂ ਮਹੀਨਿਆਂ ਤੱਕ ਸਰਕਾਰੀ ਦਫ਼ਤਰਾਂ ਦੀਆਂ ਮੇਜ਼ਾਂ ’ਤੇ ਘੁਮਾਇਆ ਜਾਂਦਾ ਹੈ ਤਾਂ ਪਟਿਆਲਾ ਦੇ ਨਾਜਾਇਜ਼ ਮੱਛੀ ਬਾਜ਼ਾਰਾਂ ਤੇ ਸਰਕਾਰੀ ਮੱਛੀ ਮਾਰਕੀਟ ਦਾ ਮਾਮਲਾ ਇਸ ਦੀ ਜਿਉਂਦੀ-ਜਾਗਦੀ ਮਿਸਾਲ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰੀ ਖ਼ਜ਼ਾਨੇ ’ਚੋਂ ਜਨਤਾ ਦੇ ਕਰੋੜਾਂ ਰੁਪਏ ਖਰਚ ਕਰ ਕੇ ਦੇਵੀਗੜ੍ਹ ਰੋਡ ਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਨਵੀਂ ਮੱਛੀ ਮਾਰਕੀਟ ਤਾਂ ਬਣਾ ਦਿੱਤੀ ਗਈ, ਪਰ ਇਸ ਨੂੰ ਚਾਲੂ ਕਰਨ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਚੱਲ ਰਹੇ ਨਾਜਾਇਜ਼ ਤੇ ਖੁੱਲ੍ਹੇ ਮੱਛੀ ਬਾਜ਼ਾਰਾਂ ਨੂੰ ਉੱਥੇ ਸ਼ਿਫ਼ਟ ਕਰਨ ਦੀ ਜ਼ਿੰਮੇਵਾਰੀ ਲੈਣ ਲਈ ਅੱਜ ਤੱਕ ਕੋਈ ਵੀ ਵਿਭਾਗੀ ਅਧਿਕਾਰੀ ਤਿਆਰ ਨਹੀਂ ਦਿਖਾਈ ਦੇ ਰਿਹਾ। ਪੋਰਟਲ ’ਤੇ ਸਿਰਫ਼ ‘ਰਿਜ਼ਾਲਵ’ ਦਾ ਬਟਨ ਦਬਾਉਣ ਤੱਕ ਸੀਮਤ ਕਰੀਬ ਅੱਠ ਮਹੀਨੇ ਪਹਿਲਾਂ ਕਨੈਕਟ ਪੰਜਾਬ ਪੋਰਟਲ ਤੇ ਸ਼ਿਕਾਇਤਕਰਤਾ ਸੰਜੀਵ ਕੁਮਾਰ ਬਬਲਾ ਵੱਲੋਂ ਇਕ ਵਿਸਥਾਰਤ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸ਼ਿਕਾਇਤ ’ਚ ਸ਼ਹਿਰ ਦੇ ਸੱਤ ਪ੍ਰਮੁੱਖ ਸਥਾਨਾਂ ਤੇ ਚੱਲ ਰਹੀਆਂ ਨਾਜਾਇਜ਼ ਮੱਛੀ ਮਾਰਕੀਟਾਂ ਨੂੰ ਨਵੀਂ ਸਰਕਾਰੀ ਮੱਛੀ ਮਾਰਕੀਟ ’ਚ ਤਬਦੀਲ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ ਸੀ। ਸ਼ਿਕਾਇਤ ’ਚ ਸਪੱਸ਼ਟ ਕੀਤਾ ਗਿਆ ਸੀ ਕਿ ਖੁੱਲ੍ਹੇ ਆਸਮਾਨ ਹੇਠ ਵਿਕ ਰਹੀ ਮੱਛੀ ਕਾਰਨ ਸ਼ਹਿਰ ’ਚ ਭਿਆਨਕ ਬਦਬੂ, ਗੰਦਗੀ ਤੇ ਪ੍ਰਦੂਸ਼ਣ ਫੈਲ ਰਿਹਾ ਹੈ, ਜਿਸ ਨਾਲ ਰਾਹਗੀਰਾਂ ਅਤੇ ਸਥਾਨਕ ਨਿਵਾਸੀਆਂ ਦਾ ਜੀਣਾ ਦੁਭਰ ਹੋ ਚੁੱਕਾ ਹੈ। ਦੂਜੇ ਪਾਸੇ, ਕਰੋੜਾਂ ਦੀ ਲਾਗਤ ਨਾਲ ਬਣੀ ਸਰਕਾਰੀ ਮਾਰਕੀਟ ਖਾਲੀ ਪਈ-ਪਈ ਖੰਡਰ ਹੋਣ ਕਿਨਾਰੇ ਹੈ। ਪਰ ਪ੍ਰਸ਼ਾਸਨ ਨੇ ਇਸ ਗੰਭੀਰ ਮੁੱਦੇ ਦਾ ਹੱਲ ਕਰਨ ਦੀ ਬਜਾਏ ਇਸ ਫਾਈਲ ਨੂੰ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਅਤੇ ਇੱਕ ਅਧਿਕਾਰੀ ਤੋਂ ਦੂਜੇ ਅਧਿਕਾਰੀ ਕੋਲ ਭੇਜਣ ਦਾ ਅੰਨ੍ਹਾ ਸਿਲਸਿਲਾ ਸ਼ੁਰੂ ਕਰ ਦਿੱਤਾ। ਕਦੇ ਨਗਰ ਨਿਗਮ, ਕਦੇ ਪਸ਼ੂ ਪਾਲਣ ਵਿਭਾਗ, ਕਦੇ ਮੱਛੀ ਪਾਲਣ ਵਿਭਾਗ, ਕਦੇ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਕਦੇ ਕਿਸੇ ਹੋਰ ਵਿਭਾਗ ਨੂੰ ਇਹ ਕਹਿ ਕੇ ਫਾਈਲ ਅੱਗੇ ਸਰਕਾ ਦਿੱਤੀ ਗਈ ਕਿ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਅੱਠ ਮਹੀਨੇ ਬੀਤ ਜਾਣ ਤੇ ਵੀ ਕਿਸੇ ਅਧਿਕਾਰੀ ਨੇ ਲਿਖਤੀ ਜ਼ਿੰਮੇਵਾਰੀ ਨਹੀਂ ਲਈ ਕਿ ਆਖ਼ਿਰ ਇਸ ਮਸਲੇ ਦਾ ਅੰਤਿਮ ਹੱਲ ਕੌਣ ਅਤੇ ਕਦੋਂ ਕਰੇਗਾ। ਕਾਗਜ਼ਾਂ ’ਚ ਹੱਲ, ਜ਼ਮੀਨ ਤੇ ਹਾਲਾਤ ਜਿਉਂ ਦੇ ਤਿਉਂ ਦਸਤਾਵੇਜ਼ਾਂ ਮੁਤਾਬਕ, ਦਸੰਬਰ 2025 ਵਿੱਚ ਮੱਛੀ ਪਾਲਣ ਵਿਭਾਗ ਨੇ ਆਪਣੀ ਰਿਪੋਰਟ ਵਿੱਚ ਮੰਨਿਆ ਸੀ ਕਿ ਡਿਪਟੀ ਕਮਿਸ਼ਨਰ, ਨਗਰ ਨਿਗਮ ਅਤੇ ਮੰਡੀ ਬੋਰਡ ਵਰਗੇ ਸਬੰਧਤ ਵਿਭਾਗਾਂ ਨਾਲ ਪੱਤਰ ਵਿਹਾਰ ਜਾਰੀ ਹੈ ਤਾਂ ਜੋ ਮੱਛੀ ਵਿਕਰੇਤਾਵਾਂ ਨੂੰ ਨਵੀਂ ਮੰਡੀ ਵਿੱਚ ਸ਼ਿਫਟ ਕੀਤਾ ਜਾ ਸਕੇ। ਪਰ ਜਦੋਂ ਛੇ ਮਹੀਨੇ ਹੋਰ ਬੀਤ ਗਏ ਅਤੇ ਜ਼ਮੀਨੀ ਪੱਧਰ ਤੇ ਕੁਝ ਨਾ ਬਦਲਿਆ, ਤਾਂ ਮਈ 2026 ਵਿੱਚ ਮੁੱਖ ਸਕੱਤਰ (ਚੀਫ ਸੈਕ੍ਰੇਟਰੀ) ਨੂੰ ਇੱਕ ਨਵੀਂ ਸ਼ਿਕਾਇਤ ਭੇਜੀ ਗਈ। ਇਸ ਵਿੱਚ ਮੰਗ ਕੀਤੀ ਗਈ ਕਿ ਨਗਰ ਨਿਗਮ, ਮੱਛੀ ਪਾਲਣ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ, ਪ੍ਰਦੂਸ਼ਣ ਰੋਕਥਾਮ ਬੋਰਡ, ਜੰਗਲਾਤ ਵਿਭਾਗ ਅਤੇ ਪੁਲਿਸ ਦੀ ਇੱਕ ਸਾਂਝੀ ਕਮੇਟੀ ਬਣਾ ਕੇ ਸਾਂਝੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਹੱਦ ਤਾਂ ਉਦੋਂ ਹੋ ਗਈ ਜਦੋਂ ਜੂਨ 2026 ਵਿੱਚ ਦਰਜ ਹੋਈ ਪੀ.ਜੀ.ਆਰ.ਐਸ ਸ਼ਿਕਾਇਤ ਤੇ ਅਸਲ ਮੁੱਦੇ ਨੂੰ ਹੀ ਗੋਲ-ਮੋਲ ਕਰ ਦਿੱਤਾ ਗਿਆ। ਮਾਰਕੀਟ ਸ਼ਿਫਟ ਕਰਨ ਦੇ ਮੁੱਖ ਸਵਾਲ ਦਾ ਜਵਾਬ ਦੇਣ ਦੀ ਬਜਾਏ, ਅਧਿਕਾਰੀਆਂ ਨੇ ਸਿਰਫ਼ ਇਹ ਰਿਪੋਰਟ ਲਗਾ ਕੇ ਪੱਲਾ ਝਾੜ ਲਿਆ ਕਿ ਫੋਕਲ ਪੁਆਇੰਟ ਜਾ ਕੇ ਮੱਛੀ ਵੇਚਣ ਵਾਲਿਆਂ ਨੂੰ ਖੁੱਲ੍ਹੇ ਵਿੱਚ ਮੱਛੀ ਨਾ ਵੇਚਣ ਅਤੇ ਸਫ਼ਾਈ ਰੱਖਣ ਦੀ ਹਦਾਇਤ ਕਰ ਦਿੱਤੀ ਗਈ ਹੈ। ਜਦੋਂ ਸ਼ਿਕਾਇਤਕਰਤਾ ਨੇ ਲਿਖਤੀ ਇਤਰਾਜ਼ ਜਤਾਇਆ ਕਿ ਇਹ ਮਾਮਲਾ ਕਿਸੇ ਇੱਕ ਸੈਨੇਟਰੀ ਇੰਸਪੈਕਟਰ ਦੇ ਪੱਧਰ ਦਾ ਨਹੀਂ ਬਲਕਿ ਪੂਰੇ ਸ਼ਹਿਰ ਦੀਆਂ ਮਾਰਕੀਟਾਂ ਨੂੰ ਸ਼ਿਫਟ ਕਰਨ ਦਾ ਹੈ, ਤਾਂ ਵੀ ਅਪੀਲ ਨੂੰ ਅਣਡਿੱਠਾ ਕਰਕੇ ਪੋਰਟਲ ਤੇ ਸ਼ਿਕਾਇਤ ਨੂੰ ਮੁੜ ‘ਰਿਜ਼ਾਲਵਡ’ ਦਿਖਾ ਦਿੱਤਾ ਗਿਆ। ਜਨਤਾ ਦੇ ਕਰੋੜਾਂ ਰੁਪਏ ਬਰਬਾਦ ਕਰਨ ਲਈ ਜ਼ਿੰਮੇਵਾਰ ਕੌਣ? ਸ਼ਿਕਾਇਤਕਰਤਾ ਸੰਜੀਵ ਕੁਮਾਰ ਬਬਲਾ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਤਿੱਖੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ, “ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਸਰਕਾਰੀ ਮੱਛੀ ਮਾਰਕੀਟ ’ਚ ਵਿਕਰੇਤਾਵਾਂ ਨੂੰ ਸ਼ਿਫਟ ਹੀ ਨਹੀਂ ਸੀ ਕਰਨਾ ਤਾਂ ਫਿਰ ਕਰੋੜਾਂ ਰੁਪਏ ਬਰਬਾਦ ਕਰ ਕੇ ਇਸ ਦੇ ਨਿਰਮਾਣ ਦਾ ਮਕਸਦ ਕੀ ਸੀ? ਕੀ ਇਹ ਸਿਰਫ਼ ਸਰਕਾਰੀ ਬਜਟ ਖ਼ਪਾਉਣ ਲਈ ਬਣਾਈ ਗਈ ਸੀ? ਜੇਕਰ ਇਸ ਦੀ ਵਰਤੋਂ ਕਰਵਾਉਣੀ ਸੀ, ਤਾਂ ਅੱਠ ਮਹੀਨਿਆਂ ਦੀ ਫਾਈਲਬਾਜ਼ੀ ਤੋਂ ਬਾਅਦ ਵੀ ਕੋਈ ਅਧਿਕਾਰੀ ਕਾਰਵਾਈ ਕਿਉਂ ਨਹੀਂ ਕਰ ਰਿਹਾ?” ਉਨ੍ਹਾਂ ਦੋਸ਼ ਲਾਇਆ ਕਿ ਅਧਿਕਾਰੀਆਂ ਦੀ ਪੂਰੀ ਤਵੱਜੋ ਸਮੱਸਿਆ ਦਾ ਹੱਲ ਲੱਭਣ ਦੀ ਬਜਾਏ ਪੋਰਟਲ ਤੇ ਕੇਵਲ ‘ਰਿਜ਼ਾਲਵ’ ਦਾ ਹਰਾ ਬਟਨ ਦਬਾ ਕੇ ਉੱਚ ਅਧਿਕਾਰੀਆਂ ਨੂੰ ਗੁਮਰਾਹ ਕਰਨ ਤੇ ਲੱਗੀ ਹੋਈ ਹੈ। ਨਵੀਂ ਇਮਾਰਤ ਆਪਣੀ ਹੋਂਦ ਦੀ ਲੜਾਈ ਲੜ ਰਹੀ ਪਟਿਆਲਾ ’ਚ ਸਰਕਾਰੀ ਮੱਛੀ ਮਾਰਕੀਟਾਂ ਫ਼ੇਲ੍ਹ ਹੋਣ ਦਾ ਇਤਿਹਾਸ ਕੋਈ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਨਾਭਾ ਰੋਡ ਤੇ ਪਸ਼ੂ ਪਾਲਣ ਵਿਭਾਗ ਦੀ ਕੀਮਤੀ ਜ਼ਮੀਨ ਤੇ ਕਰੋੜਾਂ ਦੀ ਲਾਗਤ ਨਾਲ ਸਰਕਾਰੀ ਮੱਛੀ ਮਾਰਕੀਟ ਬਣਾਈ ਗਈ ਸੀ। ਪ੍ਰਸ਼ਾਸਨਿਕ ਨਾਕਾਮੀ ਕਾਰਨ ਉਹ ਮਾਰਕੀਟ ਕਦੇ ਆਬਾਦ ਨਹੀਂ ਹੋ ਸਕੀ ਤੇ ਹੌਲੀ-ਹੌਲੀ ਖੰਡਰ ’ਚ ਤਬਦੀਲ ਹੋ ਗਈ, ਜਿੱਥੇ ਅੱਜ ਪੁਡਾ ਦੀ ਰਿਹਾਇਸ਼ੀ ਕਾਲੋਨੀ ਕੱਟ ਦਿੱਤੀ ਗਈ ਹੈ। ਹੁਣ ਦੇਵੀਗੜ੍ਹ ਰੋਡ ਵਾਲੀ ਨਵੀਂ ਆਧੁਨਿਕ ਮਾਰਕੀਟ ਦਾ ਰਸਮੀ ਉਦਘਾਟਨ ਹੋਇਆਂ ਵੀ ਦੋ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਪਰ ਹਾਲਾਤ ਓਹੀ ਪੁਰਾਣੇ ਹਨ। ਨਵੀਂ ਇਮਾਰਤ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ ਤੇ ਸ਼ਹਿਰ ਦੀਆਂ ਸੜਕਾਂ ਤੇ ਨਾਜਾਇਜ਼ ਮੱਛੀ ਬਾਜ਼ਾਰ ਪਹਿਲਾਂ ਵਾਂਗ ਹੀ ਗੰਦਗੀ ਫੈਲਾ ਰਹੇ ਹਨ।