- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਕਾਨ ਮਾਰਕੀਟ ਕਮੇਟੀ ਦੀ ਜ਼ਬਤ ਕੀਤੀ ਹੋਈ, ਕਿਰਾਇਆ ਕੋਈ ਹੋਰ ਲੈ ਰਿਹਾ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਮਾਰਕੀਟ ਕਮੇਟੀ ਰਾਜਪੁਰਾ ਦੇ ਨਵੇਂ ਚੇਅਰਮੈਨ ਗੁਰਪ੍ਰੀਤ ਸਿੰਘ ਧਮੌਲੀ ਨੇ ਚਾਰਜ ਸੰਭਾਲਣ ਤੋਂ ਬਾਅਦ ਕਮੇਟੀ ’ਚ ਹੁਣ ਤੱਕ ਹੋ ਰਹੇ ਘਪਲਿਆਂ ਨੂੰ ਨੰਗੇ ਕਰਨ ਦੀ ਮੁਹਿੰਮ ਚਲਾਈ ਹੋਈ ਹੈ। ਇਸ ਮੁਹਿੰਮ ਤਹਿਤ ਧਮੌਲੀ ਵੱਲੋਂ ਹੁਣ ਇੱਕ ਨਵੇਂ ਘਪਲੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਚੇਅਰਮੈਨ ਗੁਰਪ੍ਰੀਤ ਸਿੰਘ ਧਮੌਲੀ ਨੇ ਜਾਣਕਾਰੀ ਦਿੱਤੀ ਕਿ 2008 ’ਚ ਨਰੇਸ਼ ਕੁਮਾਰ ਨਾਂ ਦੇ ਵਿਅਕਤੀ ਨੇ ਖੁੱਲ੍ਹੀ ਬੋਲੀ ਰਾਹੀਂ ਮੰਡੀ ਬੋਰਡ ਦਾ ਕਾਰਨਰ ਵਾਲਾ 37 ਨੰਬਰ ਬੂਥ ਕਮੇਟੀ ਦੀਆਂ ਸ਼ਰਤਾਂ ਤਹਿਤ ਅਲਾਟ ਕਰਵਾਇਆ ਸੀ ਪਰ ਬਾਅਦ ’ਚ ਖਰੀਦਦਾਰ ਵੱਲੋਂ ਕਮੇਟੀ ਦੀਆਂ ਤੈਅ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ 2014 ’ਚ ਇਹ ਬੂਥ ਕਮੇਟੀ ਵੱਲੋਂ ਜ਼ਬਤ ਕਰਨ ਦਾ ਹੁਕਮ ਤਾਂ ਦੇ ਦਿੱਤਾ ਗਿਆ ਪਰ ਕਮੇਟੀ ਨੇ ਕਬਜ਼ਾ ਲੈਣ ਲਈ ਪੀਪੀ ਐਕਟ ਤਹਿਤ ਕੇਸ ਦਾਇਰ ਕਰ ਦਿੱਤਾ। ਚੇਅਰਮੈਨ ਨੇ ਦਾਅਵਾ ਕੀਤਾ ਕਿ ਕਮੇਟੀ ਵੱਲੋਂ ਬੂਥ ਜ਼ਬਤ ਕਰਨ ਤੋਂ ਬਾਅਦ ਅਲਾਟੀ ਨੂੰ ਇਸ ਬੂਥ ਨੂੰ ਅੱਗੇ ਕਿਰਾਏ ਤੇ ਦੇਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਪਰ ਉਕਤ ਵਿਅਕਤੀ ਨੇ ਨਿਯਮਾਂ ਕਾਨੂੰਨਾਂ ਦੀ ਅਣਦੇਖੀ ਕਰਦੇ ਹੋਏ ਗ਼ੈਰ ਕਾਨੂੰਨੀ ਤੌਰ ’ਤੇ ਇਹ ਬੂਥ ਸ਼ਰਾਬ ਦੇ ਠੇਕੇਦਾਰ ਨੂੰ ਠੇਕੇ ਲਈ ਕਿਰਾਏ ’ਤੇ ਦਿੱਤਾ ਹੋਇਆ ਹੈ, ਜਿਸ ਦਾ ਕਿਰਾਇਆ ਉਕਤ ਵਿਅਕਤੀ ਲੈ ਰਿਹਾ ਹੈ ਜੋ ਕਿ ਗੈਰ ਕਾਨੂੰਨੀ ਹੈ। ਉਨ੍ਹਾਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ 'ਤੇ ਵੀ ਸਵਾਲ ਖੜ੍ਹੇ ਕੀਤੇ ਕਿ ਉਨ੍ਹਾਂ ਨੇ ਕਿਸ ਆਧਾਰ ਤੇ ਸ਼ਰਾਬ ਦੇ ਠੇਕੇ ਨੂੰ ਇਸ ਬੂਥ ’ਚ ਸ਼ਰਾਬ ਵੇਚਣ ਦਾ ਲਾਇਸੈਂਸ ਜਾਰੀ ਕਰ ਦਿੱਤਾ ਜਦਕਿ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਮੰਡੀ ਬੋਰਡ ਦੀ ਮਲਕੀਅਤ ਵਾਲੀ ਜਗ੍ਹਾ ’ਚ ਸ਼ਰਾਬ ਦਾ ਠੇਕਾ ਖੁੱਲ੍ਹ ਹੀ ਨਹੀਂ ਸਕਦਾ। ਚੇਅਰਮੈਨ ਨੇ ਦੱਸਿਆ ਕਿ ਮੰਡੀ ਬੋਰਡ ਦੇ ਸੰਯੁਕਤ ਸਕੱਤਰ ਵੱਲੋਂ ਆਬਕਾਰੀ ਵਿਭਾਗ ਨੂੰ ਇੱਕ ਪੱਤਰ ਲਿਖ ਕੇ ਉਕਤ ਬੂਥ ’ਚ ਚੱਲ ਰਹੇ ਠੇਕੇ ਦੀ ਸ਼ਰਾਬ ਦੀ ਸਪਲਾਈ ਬੰਦ ਕਰਨ ਲਈ ਲਿਖ ਦਿੱਤਾ ਗਿਆ ਹੈ। ਚੇਅਰਮੈਨ ਧਮੌਲੀ ਨੇ ਕਿਹਾ ਕਿ ਇਸ ਪ੍ਰਕਾਰ ਮਾਰਕੀਟ ਕਮੇਟੀ ਦੀ ਜ਼ਬਤ ਕੀਤੇ ਬੂਥ ਨੂੰ ਕਿਰਾਏ 'ਤੇ ਦੇ ਕੇ ਉਕਤ ਵਿਅਕਤੀ ਵੱਲੋਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਹੈ ਜਿਸ ਦੇ ਖਿਲਾਫ਼ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਮੌਕੇ ਮਨੀਸ਼ ਸੂਦ ਵਾਈਸ ਚੇਅਰਮੈਨ ਖੱਤਰੀ ਅਰੋੜਾ ਵੈਲਫੇਅਰ ਬੋਰਡ, ਕੀਰਤ ਸਿੰਘ ਸੇਹਰਾ ਮੈਂਬਰ ਟ੍ਰੇਡ ਕਮਿਸ਼ਨ ਘਨੌਰ, ਹਰਦੀਪ ਸਿੰਘ ਟਿੰਕੂ ਧਮੋਲੀ ਹਾਜ਼ਰ ਸਨ।