- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਘੋਮਾਜਰਾ ਦੀ ਰਾਮਲੀਲਾ ’ਚ ਲਕਸ਼ਮਣ ਮੂਰਛਾ ਅਤੇ ਸੰਜੀਵਨੀ ਬੂਟੀ ਦੇ ਦ੍ਰਿਸ਼ ਨੇ ਦਰਸ਼ਕਾਂ ਨੂੰ ਕੀਤਾ ਭਾਵੁਕ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੀ ਰਾਮਲੀਲ੍ਹਾ ਮੈਦਾਨ ਰਾਘੋਮਾਜਰਾ, ਪਟਿਆਲਾ ਵਿਖੇ ਰਾਮਲੀਲ੍ਹਾ ਦੇ ਮੰਚਨ ਦੌਰਾਨ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਪਹਿਲੇ ਦ੍ਰਿਸ਼ ਵਿਚ ਰਾਵਣ ਵੱਲੋਂ ਆਪਣੇ ਭਰਾ ਵਿਭੀਸ਼ਣ ਨੂੰ ਅਪਮਾਨਿਤ ਕਰਕੇ ਲੰਕਾ ’ਚੋਂ ਕੱਢਣ ਦਾ ਦ੍ਰਿਸ਼ ਦਿਖਾਇਆ ਗਿਆ। ਵਿਭੀਸ਼ਣ ਦੇ ਪ੍ਰਭਾਵਸ਼ਾਲੀ ਸੰਵਾਦਾਂ ਅਤੇ ਧੀਰਜ ਅਗਰਵਾਲ ਦੀ ਸ਼ਾਨਦਾਰ ਅਦਾਕਾਰੀ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਬਾਅਦ ਸ੍ਰੀ ਰਾਮ ਵੱਲੋਂ ਯੁੱਧ ਟਾਲਣ ਦੇ ਉਦੇਸ਼ ਨਾਲ ਯੁਵਰਾਜ ਅੰਗਦ ਨੂੰ ਰਾਵਣ ਦੇ ਦਰਬਾਰ ਵਿਚ ਭੇਜਣ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਅੰਗਦ ਨੇ ਦਰਬਾਰ ਵਿਚ ਆਪਣਾ ਪੈਰ ਜਮ੍ਹਾ ਕੇ ਰਾਵਣ ਨੂੰ ਲਲਕਾਰਿਆ, ਪਰ ਲੰਕਾ ਦੇ ਯੋਧੇ ਵੀ ਉਸ ਦਾ ਪੈਰ ਨਹੀਂ ਹਿਲਾ ਸਕੇ। ਇਸ ਉਪਰੰਤ ਰਾਵਣ ਵੱਲੋਂ ਮੰਦੋਦਰੀ ਸਮੇਤ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਦਾ ਦ੍ਰਿਸ਼ ਦਿਖਾਇਆ ਗਿਆ। ਅਗਲੇ ਦ੍ਰਿਸ਼ ਵਿਚ ਮੇਘਨਾਥ ਨਾਲ ਯੁੱਧ ਦੌਰਾਨ ਬ੍ਰਹਮ ਸ਼ਕਤੀ ਦੇ ਪ੍ਰਹਾਰ ਨਾਲ ਲਕਸ਼ਮਣ ਦੇ ਮੂਰਛਿਤ ਹੋਣ ਅਤੇ ਸ੍ਰੀ ਰਾਮ ਦੇ ਵਿਲਾਪ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਹਨੂਮਾਨ ਵੱਲੋਂ ਦ੍ਰੋਣਾਗਿਰੀ ਪਰਬਤ ਤੋਂ ਸੰਜੀਵਨੀ ਬੂਟੀ ਲਿਆਉਣ ਦੇ ਦ੍ਰਿਸ਼ ਨੇ ਦਰਸ਼ਕਾਂ ਵਿੱਚ ਉਤਸ਼ਾਹ ਭਰ ਦਿੱਤਾ। ਸੁਮੰਤ ਮੁਦਗਿਲ ਦੇ ਨਿਰਦੇਸ਼ਨ ਹੇਠ ਪੇਸ਼ ਕੀਤੀ ਗਈ ਰਾਮਲੀਲਾ ਵਿਚ ਸ਼੍ਰੀ ਰਾਮ ਦੀ ਭੂਮਿਕਾ ਐਡਵੋਕੇਟ ਪਾਰਥ ਸ਼ਰਮਾ, ਲਕਸ਼ਮਣ ਦੀ ਸ਼ਸ਼ਾਂਕ ਸ਼ਰਮਾ, ਹਨੂੰਮਾਨ ਦੀ ਦਿਵਿਆਂਸ਼ ਗੌਤਮ, ਰਾਵਣ ਦੀ ਰਾਕੇਸ਼ ਸ਼ਰਮਾ, ਮੇਘਨਾਥ ਦੀ ਰਾਹੁਲ ਸ਼ਰਮਾ ਅਤੇ ਅੰਗਦ ਦੀ ਪ੍ਰਥਮ ਮੁਦਗਿਲ ਨੇ ਨਿਭਾਈ। ਇਸੇ ਤਰ੍ਹਾਂ ਸੁਗਰੀਵ ਦੀ ਭੂਮਿਕਾ ਸ਼ਿਵ, ਨੰਦੀ ਦੀ ਅਰਜੁਨ ਤਿਵਾੜੀ, ਮੰਦੋਦਰੀ ਦੀ ਸੋਨਲ ਗਰਗ ਅਤੇ ਸੁਸ਼ੇਣ ਵੈਦ ਦੀ ਭੂਮਿਕਾ ਸਾਤਵਿਕ ਨੇ ਨਿਭਾਈ। ਸਾਰੇ ਕਲਾਕਾਰਾਂ ਦੀ ਅਦਾਕਾਰੀ ਦੀ ਦਰਸ਼ਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।